ਸ੍ਰੀ ਫਤਿਹਗੜ੍ਹ ਸਾਹਿਬ: ਭਾਰਤ ਬੰਦ ਦੇ ਦੌਰਾਨ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਗੁਜਰਦੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇਅ ਉੱਤੇ ਜਾਮ ਵਿੱਚ ਫਸੇ ਲੋਕਾਂ ਲਈ ਫਰਿਸ਼ਤਾ ਬਣਕੇ ਪਹੁੰਚੇ ਡੀਐਸਪੀ ਰਘੁਵੀਰ ਸਿੰਘ ਜਿੰਨ੍ਹਾਂ ਨੇ ਇਨਸਾਨੀਅਤ ਦਾ ਫਰਜ ਨਿਭਾਉਂਦੇ ਹੋਏ ਜਾਮ ਵਿੱਚ ਫਸੇ ਲੋਕਾਂ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਖਾਣ ਅਤੇ ਪੀਣ ਦਾ ਸਮਾਨ ਉਪਲੱਬਧ ਕਰਵਾਇਆ ਤਾਂਕਿ ਦੇਰ ਸ਼ਾਮ ਤੱਕ ਬੱਚੇ ਭੁੱਖੇ ਨਾ ਰਹਿਣ।
ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਥਾਂ-ਥਾਂ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਸਹਿਤ ਆਸਪਾਸ ਦੇ ਸਾਰੇ ਰਸਤਿਆਂ ਨੂੰ ਬੰਦ ਕੀਤਾ ਗਿਆ। ਇਸ ਦੌਰਾਨ ਜਿੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਕਈ ਘੰਟੇ ਜਾਮ ਵਿੱਚ ਫਸ ਕੇ ਰਹਿ ਗਏ।
ਇਸ ਦੌਰਾਨ ਸਰਹਿੰਦ ਨੈਸ਼ਨਲ ਹਾਈਵੇ ਨੰਬਰ 44 ਉੱਤੇ ਜਾਮ ਵਿੱਚ ਫਸੇ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਪੰਜਾਬ ਪੁਲਿਸ ਦੇ ਡੀਐਸਪੀ ਰਘੁਵੀਰ ਸਿੰਘ ਫਰਿਸ਼ਤਾ ਬਣਕੇ ਪਹੁੰਚੇ ਜਿਨ੍ਹਾਂ ਨੇ ਜਾਮ ਵਿੱਚ ਫਸੇ ਲੋਕਾਂ ਅਤੇ ਬੱਚਿਆਂ ਲਈ ਖਾਣ ਪੀਣ ਦਾ ਸਾਮਾਨ ਉਪਲੱਬਧ ਕਰਵਾ ਇਨਸਾਨੀਅਤ ਦਾ ਫਰਜ ਨਿਭਾਇਆ।
ਇਸ ਦੌਰਾਨ ਡੀਐਸਪੀ ਰਘੁਵੀਰ ਸਿੰਘ ਨੇ ਕਿਹਾ ਕਿ ਜਦੋਂ ਉਹ ਡਿਊਟੀ ਉੱਤੇ ਜਾ ਰਹੇ ਸਨ ਤਾਂ ਰਸਤੇ ਵਿੱਚ ਵੇਖਿਆ ਕਿ ਕਈ ਗਰੀਬ ਪਰਿਵਾਰ ਸਰਹਿੰਦ ਦੇ ਕੋਲ ਜਾਮ ਵਿੱਚ ਫਸੇ ਹੋਏ ਸਨ ਅਤੇ ਉਨ੍ਹਾਂ ਵਿੱਚ ਕਈ ਬੱਚੇ ਵੀ ਸਨ। ਉਨ੍ਹਾਂ ਨੇ ਆਪਣਾ ਫਰਜ ਸਮਝਦੇ ਹੋਏ ਦੁਕਾਨ ਖੁੱਲ੍ਹਵਾਕੇ ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਦਿਵਾਇਆ।
ਡੀਐਸਪੀ ਰਘੁਵੀਰ ਸਿੰਘ ਨੇ ਕਿਹਾ ਕਿ ਬੱਚੇ ਪ੍ਰਮਾਤਮਾ ਦਾ ਰੂਪ ਹੁੰਦੇ ਹਨ ਸਾਨੂੰ ਇੰਨ੍ਹਾਂ ਦੀ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ। ਉਥੇ ਹੀ ਜਾਮ ਵਿੱਚ ਫਸੇ ਲੋਕਾਂ ਦਾ ਕਹਿਣਾ ਸੀ ਕਿ ਉਹ ਸਹਾਰਨਪੁਰ ਤੋਂ ਲੁਧਿਆਣਾ ਜਾ ਰਹੇ ਸਨ ਅਤੇ ਇਸ ਬੰਦ ਦੀ ਜਾਣਕਾਰੀ ਨਹੀਂ ਸੀ ਜਿਸ ਕਾਰਨ ਉਹ ਜਾਮ ਵਿੱਚ ਫਸ ਗਏ। ਉਨ੍ਹਾਂ ਨੇ ਡੀਐਸਪੀ ਰਘੁਬੀਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸਤੋਂ ਪਹਿਲਾਂ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਵੇਖਿਆ।
ਇਹ ਵੀ ਪੜ੍ਹੋ:ਮਾਈਨਿੰਗ ਪਾਲਿਸੀ ਨੂੰ ਲੈ ਕੇ ਸਵਾਲਾਂ ‘ਚ ਘਿਰੀ ਚੰਨੀ ਸਰਕਾਰ !