ਫ਼ਤਿਹਗੜ੍ਹ ਸਾਹਿਬ: ਬੀਤੇ ਦਿਨੀ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਇੱਕ ਨੌਜਵਾਨ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਸ਼ਨੀਵਾਰ ਨੂੰ ਨੌਜਵਾਨ ਦੀ ਲਾਸ਼ ਨਰਵਾਣਾ ਬਰਾਂਚ ਖਨੌਰੀ ਦੇ ਨਜ਼ਦੀਕ ਨਹਿਰ ਵਿੱਚੋਂ ਮਿਲ ਗਈ ਹੈ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਮਨਜਿੰਦਰ ਪਾਲ ਸਿੰਘ ਵੱਜੋਂ ਹੋਈ ਹੈ।
ਇਹ ਨੌਜਵਾਨ ਖੰਨਾ ਦਾ ਰਹਿਣ ਵਾਲਾ ਸੀ, ਜੋ ਕਿ ਗੋਦਰੇਜ਼ ਫੈਕਟਰੀ ਵਿੱਚ ਕੰਮ ਕਰਦਾ ਸੀ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ ਹੋਏ ਲੌਕਡਾਊਨ ਕਾਰਨ ਗੋਦਰੇਜ ਫੈਕਟਰੀ ਵੀ ਬੰਦ ਹੋ ਗਈ ਸੀ, ਜਿਸ ਕਾਰਨ ਉਸ ਨੂੰ ਕੰਮ ਨਹੀਂ ਸੀ ਮਿਲ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਹਿੰਦ ਦੇ ਏ.ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਪਾਲ ਸਿੰਘ ਕੋਰੋਨਾ ਕਾਰਨ ਲੌਕਡਾਊਨ ਦੌਰਾਨ ਕੰਮ ਨਾ ਹੋਣ ਕਾਰਨ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕ ਲਿਆ।
ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਆਂਦਾ ਗਿਆ। ਜਿੱਥੇ ਪੋਸਟ ਮਾਰਟਮ ਉਪਰੰਤ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।