ਫਤਿਹਗੜ੍ਹ ਸਾਹਿਬ: ਸਿਕਲੀਗਲ ਸੈੱਲ ਪੰਜਾਬ ਵੱਲੋਂ ਸਿਕਲੀਗਰ ਸਿੱਖਾਂ ਦੀ ਮੀਟਿੰਗ ਰੱਖੀ ਗਈ। ਇਸ ਮੌਕੇ ਸਿਗਲੀਕਰ ਸਿੱਖਾਂ ਨੇ ਪੰਥਕ ਲਹਿਰ ਦੇ ਮੁਖੀ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਸਿਕਲੀਗਰ ਸਿੱਖਾਂ ਨੇ ਕਿਹਾ ਕਿ ਹਰ ਸਾਲ ਉਨ੍ਹਾਂ ਦੇ ਨਾਂਅ 'ਤੇ ਰੱਖੇ ਗਏ ਰਿਜ਼ਰਵ ਬਜਟ ਵਿੱਚੋਂ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੋਈ ਆਰਥਿਕ ਮਦਦ ਨਹੀਂ ਕੀਤੀ ਜਾਂਦੀ। ਇਸ ਨੂੰ ਲੈ ਕੇ ਉਹ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ ਪਰ ਉਨ੍ਹਾਂ ਦੇ ਮੰਗ ਪੱਤਰ ਇੱਕ ਟੋਕਰੀ ਦਾ ਸ਼ਿਗਾਰ ਬਣ ਕੇ ਰਹਿ ਜਾਂਦੇ ਹਨ।
ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿਕਲੀਗਰ ਭਾਈਚਾਰੇ ਦਾ ਗੁਰੂ ਸਾਹਿਬਾਨ ਦੀ ਸੇਵਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ, ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਭਾਈਚਾਰੇ ਦੀ ਸਾਰ ਤੱਕ ਨਹੀਂ ਲਈ ਜਾ ਰਹੀ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ 550ਵੇਂ ਪ੍ਰਕਾਸ਼ ਪੁਰਬ ਮੌਕੇ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਨਮਾਨਿਤ ਕਰਨ ਦੇ ਫ਼ੈਸਲੇ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੇ ਤੌਰ 'ਤੇ ਕਲੀਨ ਚਿੱਟ ਦੇਣ ਜਾ ਰਹੀ ਹੈ।