ਸ੍ਰੀ ਫਤਿਹਗੜ੍ਹ ਸਾਹਿਬ:ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਜ਼ਰੂਰਤਮੰਦ ਲੋਕਾਂ ਨੂੰ ਕੱਚੇ ਤੋਂ ਪੱਕੇ ਮਕਾਨ ਬਣਾਉਣ ਦੇ ਲਈ ਤਿੰਨ ਕਿਸ਼ਤਾਂ ਦੇ ਵਿੱਚ ਡੇਢ ਲੱਖ ਰੁਪਿਆ ਦਿੱਤਾ ਜਾ ਰਿਹਾ ਹੈ, ਜਿਸਦੇ ਨਾਲ ਬਹੁਤ ਲੋਕਾਂ ਵੱਲੋਂ ਇਸ ਸਕੀਮ ਦਾ ਲਾਭ ਲੈਂਦੇ ਹੋਏ ਕੱਚੇ ਤੋਂ ਪੱਕੇ ਮਕਾਨ ਬਣਾ ਲਏ ਗਏ ਹਨ ਪਰ ਉੱਥੇ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਦੇ ਲੋਕ ਅੱਜ ਵੀ ਕੱਚੇ ਮਕਾਨਾਂ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਨ ਕਿਉਂਕਿ ਅਜੇ ਤੱਕ ਉਨ੍ਹਾਂ ਨੂੰ ਇਸ ਸਕੀਮ ਦੇ ਤਹਿਤ ਕੋਈ ਵੀ ਰਾਸ਼ੀ ਨਹੀਂ ਮਿਲੀ।
ਜਦੋਂ ਇਸ ਸਬੰਧੀ ਈਟੀਵੀ ਭਾਰਤ ਵੱਲੋਂ ਪਿੰਡ ਭੱਦਲਥੂਹਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਵਾਸ ਯੋਜਨਾ ਸਕੀਮ ਦੇ ਫਾਰਮ ਤਾਂ ਭਰੇ ਗਏ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲਿਆ, ਜਿਸ ਕਾਰਨ ਉਹ ਅੱਜ ਵੀ ਕੱਚੇ ਮਕਾਨਾਂ ਦੇ ਵਿੱਚ ਰਹਿਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਂਹ ਦੇ ਦਿਨਾਂ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੀਂਹ ਪੈਣ ਨਾਲ ਕੋਠੇ ਚੌਨ ਲੱਗਦੇ ਹਨ ਅਤੇ ਕਈ ਵਾਰ ਛੱਤ ਵਿੱਚ ਪਾਏ ਬਾਲੇ ਵੀ ਟੁੱਟ ਜਾਂਦੇ ਹਨ, ਜਿਸ ਦੇ ਨਾਲ ਘਰਾਂ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਮਜਬੂਰਨ ਉਨ੍ਹਾਂ ਨੂੰ ਘਰ ਤੋਂ ਬਾਹਰ ਹੀ ਖੜ੍ਹੇ ਹੋਣਾ ਪੈਂਦਾ ਹੈ।
ਇਸ ਮੌਕੇ ਪਿੰਡ ਦੀ ਇੱਕ ਔਰਤ ਦਾ ਕਹਿਣਾ ਸੀ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਉਹ ਆਪਣੇ ਵੱਲੋਂ ਸੀਮਿੰਟ ਦੇ ਸ਼ੈੱਡ ਨਾਲ ਬਣੇ ਹੋਏ ਕਮਰੇ ਦੇ ਵਿਚ ਰਾਤ ਗੁਜ਼ਾਰਦੇ ਹਨ, ਇਸੇ ਤਰ੍ਹਾਂ ਹੀ ਪਿੰਡ ਦੀ ਇੱਕ ਹੋਰ ਬਜ਼ੁਰਗ ਔਰਤ ਦਾ ਕਹਿਣਾ ਸੀ ਕਿ ਉਸ ਦੇ ਘਰ ਦੀ ਮੀਂਹ ਦੇ ਕਾਰਨ ਛੱਤ ਢਿੱਗ ਗਈ ਸੀ ਪੈਸੇ ਨਾ ਹੋਣ ਦੇ ਕਾਰਨ ਉਸ ਵੱਲੋਂ ਛੱਤ ਫਿਰ ਖੜ੍ਹੀ ਨਹੀਂ ਕੀਤੀ ਜਾ ਸਕੀ ਅਤੇ ਉਸ ਵੱਲੋਂ ਲੱਕੜੀ ਦੇ ਕਾਨਿਆਂ ਦੇ ਨਾਲ ਇੱਕ ਕਮਰਾ ਤਿਆਰ ਕੀਤਾ ਗਿਆ ਹੈ, ਜਿਸ ਦੇ ਵਿੱਚ ਰਹਿਣ ਦੇ ਲਈ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਲਣ ਵਾਲੇ ਪੈਸੇ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਪੱਕਾ ਮਕਾਨ ਬਣਾ ਸਕਣ।
ਇਹ ਵੀ ਪੜੋ: ਭਾਜਪਾ ਦੇ ਸਿਆਸੀ ਗੁਰੂ 'PK' ਹੁਣ ਦੇਣਗੇ ਕੇਜਰੀਵਾਲ ਦਾ ਸਾਥ
ਇਸ ਮੌਕੇ ਜਦੋਂ ਪਿੰਡ ਦੇ ਪੰਚ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਾਰਮ ਭਰਵਾ ਦਿੱਤੇ ਗਏ ਸਨ ਪਰ ਅਜੇ ਤੱਕ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਉਹ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਲੋਕਾਂ ਨੂੰ ਜਲਦ ਜਲਦ ਇਹ ਸਹੂਲਤ ਮੁਹੱਇਆ ਕਰਵਾਈ ਜਾਵੇ ਤਾਂ ਜੋ ਲੋਕ ਪੱਕੇ ਮਕਾਨਾਂ ਬਣਾ ਸਕਣ।