ਸ੍ਰੀ ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਐੱਸ.ਡੀ ਮਾਡਲ ਸਕੂਲ ਦੇ ਸਾਹਮਣੇ ਉਸ ਸਮੇਂ ਹੰਗਾਮਾਂ ਖੜ੍ਹਾ ਹੋ ਗਿਆ, ਜਦੋਂ ਸਕੂਲ ਵੱਲੋਂ ਫ਼ੀਸ ਨਾ ਦੇਣ ਵਾਲੇ ਵਿਦਿਆਰਥੀਆਂ ਤੋਂ ਪੇਪਰ ਨਾ ਲਏ ਗਏ। ਜਿਸ ਤੋਂ ਬਾਅਦ ਮਾਪਿਆਂ ਵੱਲੋਂ ਸ਼ਾਂਤੀ ਨਾਲ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਹਾਈਕੋਰਟ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਤੋਂ ਜ਼ਬਰੀ ਪੂਰੀ ਫ਼ੀਸ ਮੰਗ ਰਿਹਾ ਹੈ ਜਦੋਂ ਕਿ ਕੋਵਿਡ ਦੇ ਚੱਲਦਿਆਂ ਉਹ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ। ਅਜਿਹੇ ਵਿੱਚ ਉਹ ਫੀਸ ਕਿਸ ਤਰ੍ਹਾਂ ਦੇ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਬੱਚਿਆਂ ਦੀ ਫ਼ੀਸ ਆਈ ਹੈ ਅਤੇ ਜਿਨ੍ਹਾਂ ਦੀ ਨਹੀਂ ਆਈ, ਦੇ ਦੋ ਅਲੱਗ-ਅਲੱਗ ਗਰੁੱਪ ਬਣਾ ਦਿੱਤੇ ਗਏ ਹਨ। ਜਿਹੜੇ ਬੱਚਿਆਂ ਦੀ ਫ਼ੀਸ ਆਈ ਹੈ, ਸਕੂਲ ਵੱਲੋਂ ਉਨ੍ਹਾਂ ਦੇ ਹੀ ਟੈਸਟ ਲਏ ਗਏ।
ਇਸ ਮੌਕੇ ਮਾਪਿਆਂ ਦਾ ਕਹਿਣਾ ਸੀ ਕਿ ਆਨਲਾਈਨ ਕਲਾਸ ਲੱਗਦੀ ਤਾਂ ਜ਼ਰੂਰ ਹੈ ਪਰ 40 ਤੋਂ 45 ਮਿੰਟ ਹੀ ਲੱਗਦੀ ਹੈ ਜਦੋਂ ਕਿ ਉਸ ਦੇ ਬਦਲੇ ਸਕੂਲ ਪੂਰੀ ਟਿਊਸ਼ਨ ਮੰਗ ਰਿਹਾ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਉਹ 50 ਪ੍ਰਤੀਸ਼ਤ ਫੀਸ ਦੇਣ ਦੇ ਲਈ ਤਿਆਰ ਹਨ ਇਸ ਲਈ ਸਕੂਲ ਵੱਲੋਂ ਉਨ੍ਹਾਂ ਨੂੰ ਕੁੱਝ ਰਾਹਤ ਦੇਣੀ ਚਾਹੀਦੀ ਹੈ।
ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਮਾਪਿਆਂ ਤੋਂ ਲਿਖ਼ਤੀ ਫ਼ੀਸ ਮਾਫ ਕਰਨ ਲਈ ਅਰਜ਼ੀ ਅਤੇ ਉਨ੍ਹਾਂ ਤੋਂ ਆਮਦਨ ਦਾ ਬਿਓਰਾ ਲੈਣ ਲਈ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਉਨ੍ਹਾਂ ਦੇ ਆਮਦਨ ਅਤੇ ਘਰ ਦੇ ਹਾਲਾਤ ਜਾਣ ਸਕਣ। ਜਿਸ ਤੋਂ ਬਾਅਦ ਉਹ ਗੌਰ ਕਰ ਸਕਦੇ ਹਨ ਕਿ ਉਨ੍ਹਾਂ ਦੀ ਸਕੂਲ ਫ਼ੀਸ ਮਾਫ਼ ਕੀਤੀ ਜਾ ਸਕੇ।