ਸ੍ਰੀ ਫਤਿਹਗੜ੍ਹ ਸਾਹਿਬ: ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਕੈਡਮੀ (ਮਿਸਲਾਂ ਸ਼ਹੀਦਾਂ) ਦੇ ਸਿੱਖ ਨੌਜਵਾਨ ਨੇ ਚੋਟੀ ਮਾਊਂਟ ਐਵਰਸਟ ਦੇ ਬੇਸ ਕੈਂਪ 'ਚ ਪਹੁੰਚ ਕੇ ਗੱਤਕਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੇ ਆਪਣਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾ ਲਿਆ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਕੈਡਮੀ ਦੇ ਮੈਂਬਰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਜੱਥੇਦਾਰ ਜਗਦੀਪ ਸਿੰਘ ਚੀਮਾ ਨੂੰ ਮਿਲੇ ਜਿੱਥੇ ਉਨ੍ਹਾਂ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ।
ਮਾਊਂਟ ਐਵਰਸਟ ਦੀ ਚੋਟੀ 'ਤੇ ਗੱਤਕਾ ਕਿਉਂ ਕੀਤਾ? ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਕੈਡਮੀ ਦੇ ਮੈਂਬਰ ਨੌਜਵਾਨ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਦਿਵਾਉਣ ਲਈ ਉਨ੍ਹਾਂ ਮਾਊਂਟ ਐਵਰਸਟ ਦੀ ਚੋਟੀ 'ਤੇ ਜਾ ਕੇ ਗੱਤਕਾ ਖੇਡਿਆ। ਉਨ੍ਹਾਂ ਦੱਸਿਆ ਕਿ 9 ਸਾਥੀਆਂ ਸਮੇਤ ਮਾਊਂਟ ਐਵਰਸਟ ਦਾ 5364 ਮੀਟਰ ਦਾ ਸਫ਼ਰ ਤਹਿ ਕੀਤਾ 17 ਹਜ਼ਾਰ 598 ਫੁੱਟ ਦੀ ਉਚੀ ਪਹਾੜੀ ਉਤੇ ਪਹੁੰਚੇ। ਜਿੱਥੇ ਮਾਊਂਟ ਐਵਰਸਟ ਦੇ ਬੇਸ ਕੈਂਪ ਹੈ। ਉਨ੍ਹਾਂ ਉੱਥੇ ਜਾ ਕੇ ਗੱਤਕੇ ਦਾ ਪ੍ਰਦਰਸ਼ਨ ਕੀਤਾ ਅਤੇ ਨਿਸ਼ਾਨ ਸਾਹਿਬ ਝੁਲਾਇਆ।
ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਨਾਂਅ ਦਰਜ਼: ਜਿਸ ਸਦਕਾ ਉਨ੍ਹਾਂ ਦਾ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਨਾਂਅ ਦਰਜ਼ ਹੋਇਆ ਹੈ ਅਤੇ ਛੇਤੀ ਹੀ ਉਨ੍ਹਾਂ ਦਾ ਗਨੀਜ਼ ਬੁੱਕ ਆਫ਼ ਰਿਕਾਰਡਜ਼ ਵਿਚ ਵੀ ਨਾਂਅ ਦਰਜ ਹੋ ਜਾਵੇਗਾ। ਉਥੇ ਹੀ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮਾਊਟ ਐਵਰੈਸਟ ਦੀ ਚੋਟੀ 'ਤੇ ਆਕਸੀਜਨ ਦੇ ਬਹੁਤ ਕਮੀ ਹੋ ਜਾਂਦੀ ਹੈ। ਜਿਸ ਕਰਕੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਸ਼ਨਦੀਪ ਨੇ ਦੱਸਿਆ ਕਿ ਆਕਸੀਜਨ ਦੀ ਕਮੀ ਕਾਰਨ ਉਪਰ ਖਾਣਾ ਵੀ ਨਹੀਂ ਮਿਲਦਾ ਜਿਸ ਕਰਕੇ ਹਲਕਾ ਫੁਲਕਾ ਖਾਣਾ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸਾਂ: ਇਸ ਮੌਕੇ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ ਨੇ 20 ਸਾਲਾ ਸਿੱਖ ਨੌਜਵਾਨ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਗੱਤਕਾ ਸਿੱਖ ਦਾ ਪੁਰਾਤਨ ਮਾਰਸ਼ਲ ਆਰਟ ਹੈ ਜਿਸ ਸਬੰਧੀ ਸਿੱਖ ਨੌਜਵਾਨਾਂ ਵਿਚ ਰੁਚੀ ਪੈਦਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵਿਦਿਅਕ ਅਦਾਰਿਆਂ ਵਿਚ ਗੱਤਕੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਹੁਣੇ ਭਾਰਤ ਸਰਕਾਰ ਵਲੋਂ ਬਣਾਈ ਨਵੀਂ ਖੇਡ ਨੀਤੀ ਵਿਚ ਗੱਤਕੇ ਨੂੰ ਸ਼ਾਮਿਲ ਕੀਤਾ ਗਿਆ ਹੈ।