ਫਤਿਹਗੜ੍ਹ ਸਾਹਿਬ: ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੀਤੇ ਦਿਨ ਡਿਜੀਟਲ ਡਿਵਾਇਸ ਦੇ ਜ਼ਰੀਏ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਨੂੰ ਲੈ ਕੇ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਦੀ ਪ੍ਰਤੀਕਿਰਿਆ ਜਾਣੀ ਜਿਨ੍ਹਾਂ ਤੋਂ ਮਿਲੀ-ਜੁਲੀ ਪ੍ਰਤੀਕਿਰਿਆ ਹਾਸਲ ਹੋਈ।
ਇਸ ਮੌਕੇ ਕਈ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਕਾਫ਼ੀ ਹੱਦ ਤੱਕ ਇਸ ਬਜਟ ਦਾ ਇੰਡਸਟਰੀ ਨੂੰ ਫਾਇਦਾ ਮਿਲ ਸਕਦਾ ਹੈ ਉਥੇ ਹੀ ਕੁੱਝ ਦਾ ਕਹਿਣਾ ਸੀ ਕਿ ਸਮਾਲ ਸਕੇਲ ਇੰਡਸਟਰੀ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਸੀ, ਪਰ ਛੋਟੇ ਕਾਰੋਬਾਰੀਆਂ ਨੂੰ ਕੁਝ ਨਹੀਂ ਦਿੱਤਾ। ਇਸ ਲਈ ਕੁਲ ਮਿਲਾ ਕੇ ਇਹ ਬਜਟ ਬਹੁਤ ਜ਼ਿਆਦਾ ਵਧੀਆ ਨਹੀਂ ਹੈ।
ਇਸ ਮੌਕੇ ਸਟੀਲ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਜਿਦੰਲ ਨੇ ਕਿਹਾ ਕਿ ਇਹ ਬਜਟ ਲੋਕਾਂ ਲਈ ਲਾਲੀਪੋਪ ਵਰਗਾ ਹੈ। ਉਨ੍ਹਾਂ ਕਿਹਾ ਕਿ ਸਕਰੈਪ ਬਾਹਰਲੇ ਦੇਸ਼ ਜ਼ਿਆਦਾ ਮਾਤਰਾ ’ਚ ਚੁੱਕ ਰਹੇ ਹਨ ਪਰ ਭਾਰਤ ’ਚ ਇਹ ਨਾਮਾਤਰ ਹੈ। ਉਨ੍ਹਾਂ ਕਿਹਾ ਕਿ ਸਟੀਲ ’ਤੇ ਇੰਪੋਰਟ ਡਿਊਟੀ ਜ਼ਰੂਰ ਘਟਾਈ ਗਈ ਹੈ ਪਰ ਉਸਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ। ਸੋ, ਭਾਰਤ ਸਰਕਾਰ ਨੂੰ ਸਮਾਲ ਸਕੇਲ ਇੰਡਸਟਰੀ ਦੇ ਕਾਰੋਬਾਰੀਆਂ ਵੱਲ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।