ਸ੍ਰੀ ਫ਼ਤਹਿਗੜ੍ਹ ਸਾਹਿਬ: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਲਈ ਪਹੁੰਚ ਰਹੇ ਹਨ ਉੱਥੇ ਹੀ ਆਉਣ ਵਾਲੀਆਂ ਸੰਗਤਾਂ ਲਈ 400 ਦੇ ਕਰੀਬ ਲੰਗਰ ਲਗਾਏ ਗਏ ਹਨ। ਇਨ੍ਹਾਂ ਸਭ ਵਿੱਚੋਂ ਇੱਕ ਅਜਿਹਾ ਲੰਗਰ ਵੀ ਦੇਖਣ ਨੂੰ ਮਿਲਿਆ ਜੋ ਭਾਈਚਾਰਕ ਸਾਂਝ ਦਾ ਸੁਨੇਹਾ ਦੇ ਰਿਹਾ ਹੈ। ਇਹ ਲੰਗਰ ਮੁਸਲਮਾਨ ਭਾਈਚਾਰੇ ਦੀ ਲਾਲ ਮਸਜਿਦ ਵਿੱਚ ਲਗਾਇਆ ਜਾਂਦਾ ਹੈ।
ਲੰਗਰ ਲਗਾਉਣ ਵਾਲੇ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਇਹ ਲੰਗਰ ਸਮੂਹ ਪਿੰਡ ਦੇ ਸਹਿਯੋਗ ਨਾਲ ਪਿਛਲੇ 40 ਸਾਲਾਂ ਤੋਂ ਲਗਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁਸਲਮਾਨ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਸਹਿਯੋਗ ਦੇ ਲਈ ਮਸਜਿਦ ਦੇ ਵਿਚ ਜਗ੍ਹਾ ਦਿੱਤੀ ਜਾਂਦੀ ਹੈ ਅਤੇ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਸਾਨੂੰ ਉਪਲੱਬਧ ਕਰਵਾ ਦਿੰਦੇ ਹਨ।
ਇਹ ਵੀ ਪੜ੍ਹੋ: ਕਾਂਗਰਸ ਸਥਾਪਨਾ ਦਿਵਸ: ਸੋਨੀਆ ਗਾਂਧੀ ਨੇ AICC ਮੁੱਖ ਦਫ਼ਤਰ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
ਜਿੱਥੇ ਦੇਸ਼ ਵਿੱਚ ਜਾਤ ਅਤੇ ਧਰਮ ਦੇ ਨਾਂਅ 'ਤੇ ਅਕਸਰ ਹੀ ਹਾਲਾਤ ਬਿਗੜਦੇ ਰਹਿੰਦੇ ਹਨ ਉੱਥੇ ਹੀ ਅਜਿਹੀਆਂ ਮਿਸਾਲਾਂ ਭਾਈਚਾਰਕ ਸਾਂਝ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਦੀਆਂ ਹਨ।