ਫਤਿਹਗੜ੍ਹ ਸਾਹਿਬ: ਸੂਬੇ 'ਚ ਇੱਕ ਪਾਸੇ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਉੱਥੇ ਹੀ ਕੁੱਝ ਅਜਿਹੇ ਵੀ ਹਨ ਜੋ ਨਸ਼ਾ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰ ਰਹੇ ਹਨ। ਅਜਿਹਾ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹੱਦੀਆਂ ਵਿੱਚ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੇ ਇੱਕ 37 ਸਾਲਾਂ ਗੁਰਪ੍ਰੀਤ ਸਿੰਘ ਨੂੰ ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਉਸ ਨੇ ਖ਼ੁਦ ਨੂੰ ਫਾਹਾ ਲਾ ਲਿਆ।
ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਟੈਕਸੀ ਚਲਾਉਦਾ ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦਾ ਕੰਮ ਬੰਦ ਹੈ। ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਸੀ ਤੇ ਉਸ ਨੇ ਨਸ਼ਾ ਖਰੀਦਣ ਲਈ ਉਸ ਤੋਂ ਪੈਸੇ ਮੰਗੇ। ਉਹ ਅਕਸਰ ਨਸ਼ਾ ਖਰੀਦਣ ਲਈ ਪੈਸਿਆਂ ਦੀ ਮੰਗ ਕਰਦਾ ਸੀ। ਉਸ ਕੋਲ ਜਿਨ੍ਹੇ ਪੈਸੇ ਸਨ ਉਸ ਨੇ ਆਪਣੇ ਪਤੀ ਨੂੰ ਪਹਿਲਾਂ ਹੀ ਦੇ ਦਿੱਤੇ ਸਨ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਆਰਥਿਕ ਤੰਗੀ ਦੇ ਚਲਦੇ ਹੁਣ ਉਸ ਕੋਲ ਆਪਣੇ ਪਤੀ ਨੂੰ ਦੇਣ ਲਈ ਪੈਸੇ ਨਹੀਂ ਸਨ ਇਸ ਲਈ ਉਸ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਮਨਪ੍ਰੀਤ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਦਾ ਪਤੀ ਉੱਪਰ ਵਾਲੇ ਕਮਰੇ 'ਚ ਚਲਾ ਗਿਆ, ਥੋੜ੍ਹੀ ਦੇਰ ਬਾਅਦ ਵੇਖਿਆ ਤਾਂ ਪੱਖੇ ਨਾਲ ਉਸਦੀ ਲਾਸ਼ ਲਟਕ ਰਹੀ ਸੀ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।