ਫ਼ਤਹਿਗੜ੍ਹ ਸਾਹਿਬ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰੰਥੀ ਨਿਕਲਿਆ। ਖੰਨਾ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਗ੍ਰੰਥੀ ਸਮੇਤ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੇ 11 ਮੋਟਰਸਾਈਕਲ ਬਰਾਮਦ ਕੀਤੇ। ਇਹ ਸਾਰੇ ਵਿਅਕਤੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਸੀ। ਫੜੇ ਗਏ ਗਿਰੋਹ ਦੇ ਮੈਂਬਰਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ, ਚੋਰੀ ਅਤੇ ਲੁੱਟਾਂ ਖੋਹਾਂ ਦੇ ਮੁਕੱਦਮੇ ਦਰਜ ਹਨ।
ਗ੍ਰੰਥੀ ਨੂੰ ਵੇਚੇ ਜਾਂਦੇ ਸੀ ਚੋਰੀ ਦੇ ਮੋਟਰ ਸਾਈਕਲ : ਐਸਪੀ (ਆਈ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸਿਟੀ ਥਾਣਾ 2 ਦੀ ਪੁਲਿਸ ਨੇ ਅਮਲੋਹ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੁਖਬਰ ਦੀ ਸੂਚਨਾ 'ਤੇ ਮੰਡੀ ਗੋਬਿੰਦਗੜ੍ਹ ਦੇ ਇਕਬਾਲ ਨਗਰ ਵਾਸੀ ਰਵੀ ਕਾਂਤ ਅਤੇ ਰੂਪ ਨਗਰ ਮੰਡੀ ਗੋਬਿੰਦਗੜ੍ਹ ਵਾਸੀ ਵਰਿੰਦਰ ਸਿੰਘ ਨੂੰ ਚੋਰੀ ਦੇ ਪਲਾਟੀਨਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਹੋਏ ਸੀ। ਇਹਨਾਂ ਦੀ ਪੁੱਛਗਿੱਛ ਤੋਂ ਸਾਮਣੇ ਆਇਆ ਕਿ ਚੋਰੀ ਕੀਤੇ ਮੋਟਰਸਾਈਕਲ ਲਵਪ੍ਰੀਤ ਸਿੰਘ ਉਰਫ ਲਾਡੀ ਵਾਸੀ ਅੰਮ੍ਰਿਤਸਰ ਜੋਕਿ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹੈ, ਨੂੰ ਵੇਚੇ ਜਾਂਦੇ ਸੀ।
ਚੋਰੀ ਦੇ 3 ਮੋਟਰਸਾਈਕਲ ਬਰਾਮਦ : ਪੁਲਿਸ ਨੇ ਗ੍ਰੰਥੀ ਲਵਪ੍ਰੀਤ ਸਿੰਘ ਨੂੰ ਮੁਕੱਦਮੇ 'ਚ ਨਾਮਜ਼ਦ ਕਰ ਕੇ ਉਸ ਕੋਲੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ। ਗ੍ਰੰਥੀ ਦਾ ਰਿਮਾਂਡ ਲੈਣ ਉਪਰੰਤ ਪੁੱਛਗਿੱਛ ਦੌਰਾਨ ਇਹ ਗੱਲ ਸਾਮਣੇ ਆਈ ਕਿ ਰਾਮ ਕ੍ਰਿਸ਼ਨ ਉਰਫ ਰਾਮਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੀ ਚੋਰੀ ਦੇ ਮੋਟਰਸਾਈਕਲ ਵੇਚੇ ਜਾਂਦੇ ਸੀ। ਇਸ ਉਪਰੰਤ ਰਾਮਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਮਾਮਲੇ ਚ ਪੁਲਸ ਨੇ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਜੋਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਚੋਰੀ ਕੀਤੇ ਗਏ ਸੀ।
26 ਤੋਂ 36 ਸਾਲ ਦਰਮਿਆਨ ਉਮਰ : ਖੰਨਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਚਾਰੇ ਕਥਿਤ ਮੁਲਜ਼ਮਾਂ ਦੀ ਉਮਰ 26 ਤੋਂ 26 ਸਾਲ ਦੇ ਦਰਮਿਆਨ ਹੈ। ਇਹ ਸਾਰੇ ਨਸ਼ੇ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਸੀ। ਮੋਟਰਸਾਈਕਲ ਚੋਰੀ ਕਰਨ ਉਪਰੰਤ ਇਨ੍ਹਾਂ ਨੂੰ ਵੇਚ ਕੇ ਜੋ ਪੈਸੇ ਮਿਲਦੇ ਸੀ ਉਸਦਾ ਨਸ਼ਾ ਖਰੀਦਿਆ ਜਾਂਦਾ ਸੀ। ਚਾਰੇ ਕਥਿਤ ਦੋਸ਼ੀਆਂ ਚੋਂ ਇੱਕ ਗ੍ਰੰਥੀ ਨਿਕਲਿਆ। ਇੱਕ ਪੇਂਟਰ ਅਤੇ ਬਾਕੀ ਦੋ ਦਿਹਾੜੀਦਾਰ ਨਿਕਲੇ।
ਇਹ ਵੀ ਪੜ੍ਹੋ : ਸਿਆਸਤ ਦੇ ਬਾਬਾ ਬੋਹੜ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਅਮਿਤ ਸ਼ਾਹ, ਕਿਹਾ-ਭਾਈਚਾਰਕ ਸਾਂਝ ਲਈ ਬਾਦਲ ਸਾਬ੍ਹ ਨੇ ਦਿੱਤਾ ਮਿਸਾਲੀ ਯੋਗਦ
ਪਹਿਲਾਂ ਵੀ ਦਰਜ ਹਨ ਮੁਕੱਦਮੇ : ਰਵੀ ਕਾਂਤ ਉਰਫ ਰਵੀ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਦੇ ਖਿਲਾਫ 15 ਮਾਰਚ 2013 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਵਰਿੰਦਰ ਸਿੰਘ ਵਾਸੀ ਰੂਪ ਨਗਰ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਖਿਲਾਫ 6 ਜੁਲਾਈ 2022 ਨੂੰ ਥਾਣਾ ਸਿਟੀ ਕੁਰਾਲੀ ਵਿਖੇ ਲੁੱਟ-ਖੋਹ ਅਤੇ ਸਾਜ਼ਿਸ਼ ਰਚਣ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਲਵਪ੍ਰੀਤ ਸਿੰਘ ਉਰਫ ਲਾਡੀ ਵਾਸੀ ਅੰਮ੍ਰਿਤਸਰ ਖਿਲਾਫ 19 ਸਤੰਬਰ 2021 ਨੂੰ ਥਾਣਾ ਅਮਰਗੜ੍ਹ ਵਿਖੇ ਚੋਰੀ ਅਤੇ ਧੋਖਾਧੜੀ ਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਰਾਮ ਕ੍ਰਿਸ਼ਨ ਉਰਫ ਰਾਮਾ ਵਾਸੀ ਮੰਡੀ ਗੋਬਿੰਦਗੜ੍ਹ ਖਿਲਾਫ 7 ਫਰਵਰੀ 2013 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ।