ਫ਼ਤਹਿਗੜ੍ਹ ਸਾਹਿਬ: ਉਹ ਆਪ ਬੇਰੁਜ਼ਗਾਰ ਹੈ ਪਰ ਹੁਣ ਤੱਕ ਪਤਾ ਨਹੀਂ ਕਿੰਨੇ ਨੌਜਵਾਨਾਂ ਨੂੰ ਟ੍ਰੇਂਡ ਕਰ ਉਨ੍ਹਾਂ ਨੂੰ ਨੌਕਰੀ ਦਿਵਾ ਚੁੱਕਿਆ ਹੈ ਉਹ ਆਪ ਜਿੰਦਗੀ ਤੋਂ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ ਪਰ ਨੌਜਵਾਨਾਂ ਨੂੰ ਜਿੰਦਗੀ ਜਿਊਣ ਦਾ ਸਲੀਕਾ ਸਿੱਖਾ ਰਿਹਾ ਹੈ। ਇਹ ਸ਼ਖਸ ਹੈ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਗੌਰਵ ਸੂਦ ਜੋ ਇੱਕ ਰੈਸਲਿੰਗ ਦਾ ਖਿਡਾਰੀ ਹੈ, ਜੋ ਪੰਜਾਬ ਵਿੱਚ ਕਈ ਮੁਕਾਬਲੇ ਖੇਡ ਚੁੱਕਿਆ ਹੈ। ਖੇਡ ਦੇ ਦੌਰਾਨ ਹੀ ਚੋਟ ਲੱਗਣ ਦੀ ਵਜ੍ਹਾ ਕਰਕੇ ਖੇਡ ਤੋਂ ਦੂਰ ਹੋ ਗਿਆ ਤੇ ਉਸਨੇ ਹੌਂਸਲਾ ਨਹੀਂ ਹਾਰਿਆ ਅਤੇ ਹੁਣ ਨੌਜਵਾਨਾਂ ਨੂੰ ਫ਼ੌਜ ਅਤੇ ਪੁਲਿਸ ਵਿੱਚ ਭਰਤੀ ਲਾਇਕ ਬਣਾ ਰਿਹਾ ਹੈ ਗੌਰਵ ਅਤੇ ਉਸਤੋਂ ਟ੍ਰੇਨਿੰਗ ਲੈਣ ਵਾਲੇ ਨੌਜਵਾਨ ਸਰਕਾਰ ਦੀ ਬੇਰੁਖੀ ਤੋਂ ਨਰਾਜ਼ ਹਨ।
ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਉਨ੍ਹਾਂ ਵਿਚੋਂ ਪੂਰੇ ਕਿੰਨੇ ਹੁੰਦੇ ਹਨ ਇਸਤੋਂ ਅਸੀ ਸਾਰੇ ਬਖੂਬੀ ਜਾਣਕਾਰ ਹਾਂ। ਹਰ ਪਾਰਟੀ ਨੌਜਵਾਨਾਂ ਨੂੰ ਹਰ ਸੁਹੂਲਤਾਂ ਦੇਣ ਦੇ ਵਾਅਦੇ ਕਰ ਨੌਜਵਾਨਾਂ ਦਾ ਵਿਸ਼ਵਾਸ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਜਿਹਾ ਹੀ ਕੀਤਾ ਸੀ ਕਾਂਗਰਸ ਪਾਰਟੀ ਨੇ ਜਿਸਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਬਣਾਉਣ ਦੇ ਬਾਅਦ ਘਰ ਘਰ ਨੌਕਰੀ ਦਾ ਵਾਅਦਾ ਕਿੰਨਾ ਪੂਰਾ ਹੋਇਆ, ਇਸਦੀ ਮਿਸਾਲ ਦੇਖਣ ਨੂੰ ਮਿਲੀ ਫਤਿਹਗੜ੍ਹ ਸਾਹਿਬ ਵਿੱਚ ਜਿੱਥੇ ਦਾ ਨੌਜਵਾਨ ਗੌਰਵ ਸੂਦ ਜੋ ਕਿ ਰੈਸਲਿੰਗ ਦਾ ਖਿਡਾਰੀ ਸੀ ਅਤੇ ਪੰਜਾਬ ਵਿੱਚ ਕਈ ਮੁਕਾਬਲੇ ਲੜ ਚੁੱਕਿਆ ਹੈ ਖੇਡ ਦੇ ਦੌਰਾਨ ਹੀ ਚੋਟ ਲੱਗਣ ਦੀ ਵਜ੍ਹਾ ਕਰਕੇ ਖੇਡ ਤੋਂ ਦੂਰ ਹੋ ਗਿਆ।
12ਵੀਂ ਪਾਸ ਗੌਰਵ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਉਸਨੇ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਦੇਣਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੂੰ ਪੁਲਿਸ ਅਤੇ ਫ਼ੌਜ ਵਿੱਚ ਭਰਤੀ ਦੀ ਟ੍ਰੇਨਿੰਗ ਦੇਣ ਦੇ ਬਦਲੇ ਗੌਰਵ ਨੂੰ ਜੇਕਰ ਕੋਈ ਟ੍ਰੇਨਿੰਗ ਹਾਸਲ ਕਰਨ ਵਾਲਾ ਨੌਜਵਾਨ ਪੈਸੇ ਦੇ ਸਕੇ ਤਾਂ ਠੀਕ, ਨਹੀਂ ਤਾਂ ਗੌਰਵ ਕਿਸੇ ਤੋਂ ਪੈਸੇ ਦੀ ਮੰਗ ਨਹੀ ਕਰਦਾ। ਗੌਰਵ ਤੋਂ ਟ੍ਰੈਨਿੰਗ ਹਾਸਲ ਕਰ ਚੁੱਕੇ ਲਗਭਗ 150 ਨੌਜਵਾਨ ਮੁੰਡੇ ਕੁੜੀਆਂ ਨੌਕਰੀ ਹਾਸਲ ਕਰ ਚੁੱਕੇ ਹਨ, ਗੌਰਵ ਨੂੰ ਸਰਕਾਰ ਵੱਲੋਂ ਕੋਈ ਮਦਦ ਤਾਂ ਨਹੀ ਦਿੱਤੀ ਗਈ।
ਗੌਰਵ ਆਪਣੇ ਘਰ ਦਾ ਗੁਜਾਰਾ ਟ੍ਰੇਨਿੰਗ ਦੇਣ ਦੇ ਬਦਲੇ ਵਿੱਚ ਮਿਲੇ ਪੈਸੇ ਦੇ ਨਾਲ ਹੀ ਚੱਲਦਾ ਹੈ। ਗੌਰਵ ਨੂੰ ਸਰਕਾਰੀ ਨੌਕਰੀ ਦਾ ਭਰੋਸਾ ਤਾਂ ਜ਼ਰੂਰ ਮਿਲਿਆ ਪਰ ਸਰਕਾਰੀ ਨੌਕਰੀ ਹੁਣ ਤੱਕ ਨਹੀ ਮਿਲੀ ਉਹ ਅੱਜ ਵੀ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਿਹਾ ਹੈ।
ਗੌਰਵ ਤੋਂ ਟ੍ਰੈਨਿੰਗ ਹਾਸਲ ਕਰ ਰਹੇ ਨੋਜਵਾਨ ਗੌਰਵ ਨੂੰ ਚੰਗਾ ਕੋਚ ਮੰਨਦੇ ਹਨ। ਉਥੇ ਹੀ ਸਰਕਾਰ ਦੀ ਬੇਰੁਖੀ ਤੋਂ ਨਰਾਜ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਤਾਂ ਸਰਕਾਰ ਕੋਈ ਮਦਦ ਨਹੀ ਕਰ ਰਹੀ ਉੱਤੋਂ ਕੋਰੋਨਾ ਦਾ ਹਵਾਲਾ ਦੇ ਕੇ ਖੇਡ ਮੈਦਾਨ ਵੀ ਬੰਦ ਕਰਵਾਏ ਜਾ ਰਹੇ ਹਨ। ਇੱਕ ਪਾਸੇ ਤਾਂ ਅਸੀ ਨੋਜਵਾਨ ਮਿਹਨਤ ਕਰ ਆਪਣਾ ਕੈਰੀਅਰ ਸੇਟ ਕਰਨਾ ਚਾਹੁੰਦੇ ਹਾਂ ਜੇਕਰ ਅਜਿਹੇ ਗਰਾਉਂਡ ਬੰਦ ਹੋ ਜਾਣਗੇ ਤਾਂ ਅਸੀ ਕੀ ਕਰਾਂਗੇ।