ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਭਰ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੜਕਾਂ ਉੱਤੇ ਘੁੰਮ ਰਹੇ ਅਤੇ ਫਸਲਾਂ ਦਾ ਨੁਕਸਾਨ ਕਰ ਰਹੇ ਅਵਾਰਾ ਪਸ਼ੂਆਂ ਨੂੰ ਡੀਸੀ ਦਫਤਰਾਂ ਅੱਗੇ ਛੱਡਿਆ ਗਿਆ। ਇਸ ਤਹਿਤ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ BKU ਕਾਦੀਆਂ ਦੇ ਕਿਸਾਨਾਂ ਵਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡਾਂ ਤੋਂ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰਕੇ ਪਹੁੰਚੇ ਤੇ ਉਥੇ ਅਵਾਰਾਂ ਪਸ਼ੂਆਂ ਨੂੰ ਛੱਡ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਰਬਜੀਤ ਸਿੰਘ ਅਮਰਾਲਾ ਦਾ ਕਹਿਣਾ ਸੀ ਕਿ ਪਿਛਲੇ ਕਈ ਸਾਲਾ ਤੋਂ ਅਵਾਰਾ ਪਸ਼ੂ ਉਹਨਾਂ ਦੀ ਫਸਲ ਦਾ ਨੁਕਸਾਨ ਕਰਦੇ ਆ ਰਹੇ ਹਨ। ਜਿਸ ਵੱਲ ਸਰਕਾਰਾਂ ਦਾ ਕੋਈ ਵੀ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰਾਂ ਉਨ੍ਹਾਂ ਤੋਂ ਗਊ ਸੈਸ ਵੀ ਲੈਂਦੀ ਹਨ ਪਰ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੋਈ ਢੁਕਵੇ ਪ੍ਰਬੰਧ ਨਹੀਂ ਕਰਦੀਆਂ। ਉਹਨਾਂ ਕਿਹਾ ਕਿ ਜਿਥੇ ਅੱਜ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਹਾਦਸੇ ਵਧ ਰਹੇ ਹਨ ਉਥੇ ਹੀ ਕਿਸਾਨਾਂ ਦੀ ਫ਼ਸਲ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।
ਸਰਕਾਰ ਵਲੋਂ ਕੋਈ ਹੱਲ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋਂ ਅੱਜ ਪੂਰੇ ਪੰਜਾਬ ਵਿੱਚ ਡੀਸੀ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਪ੍ਰਦਰਸ਼ਨ ਹੋਰ ਤੇਜ਼ ਹੋਵੇਗਾ। ਓਥੇ ਹੀ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ।