ਮਹਿਲਾ ਪਹਿਲਵਾਨਾਂ ਦੇ ਹੱਕ 'ਚ ਕਿਸਾਨਾਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ - brij bhushan sharan singh
ਸੰਯੁਕਤ ਕਿਸਾਨ ਮੋਰਚੇ ਦੇ ਵਲੋਂ ਭਾਰਤੀ ਮਹਿਲਾ ਪਹਿਲਵਾਨਾਂ ਨੂੰ ਜੰਤਰ-ਮੰਤਰ 'ਤੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਅਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਗ੍ਰਿਫਤਾਰੀ ਅਤੇ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਰਾਸ਼ਟਰਪਤੀ ਦੇ ਨਾਮ ਪੱਤਰ ਦੇਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਤਲਾ ਫੂਕਿਆ ਗਿਆ।

ਫਤਿਹਗੜ੍ਹ ਸਾਹਿਬ: ਜਿਨਸੀ ਸੋਸ਼ਣ ਦੇ ਵਿਰੋਧ ਵਿਚ ਮਹਿਲਾ ਪਹਿਲਵਾਨਾਂ ਵੱਲੋਂ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਖਿਲਾਫ ਦਿੱਤੇ ਜਾ ਰਹੇ ਧਰਨੇ ਨੂੰ ਹੁਣ ਦਿੱਲੀ ਪੁਲਿਸ ਵੱਲੋਂ ਚੁੱਕਵਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਫਿਰ ਤੋਂ ਪਹਿਲਵਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋ ਚੁੱਕੀ ਹੈ। ਫਤਿਹਗੜ੍ਹ ਸਾਹਿਬ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਪਹਿਲਵਾਨਾਂ ਤੋਂ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਦਾ ਵਿਰੋਧ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਜੰਤਰ ਮੰਤਰ ਤੋਂ ਹਟਾਉਣਾ ਬੇਹੱਦ ਮੰਦਭਾਗਾ ਹੈ। ਸ਼ਹਿਰ ਵਿੱਚ ਕੋਈ ਹੋਰ ਢੁੱਕਵੀਂ ਥਾਂ ਰੋਸ ਮੁਜ਼ਾਹਰੇ ਲਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਾਂ ਫਿਰ ਉਨ੍ਹਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ : ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਪਹਿਲਵਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ, ਜੋ ਕਿ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸੰਸਥਾ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਵੀ ਹੈ। ਇਹ ਮਹਿਲਾ ਪਹਿਲਵਾਨ 23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀਆਂ ਹਨ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜਨਵਰੀ 'ਚ ਖਿਡਾਰੀਆਂ ਨਾਲ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਨ 'ਚ ਨਾਕਾਮ ਰਹਿਣ ਤੋਂ ਬਾਅਦ ਪ੍ਰਧਾਨ ਦੇ ਖਿਲਾਫ ਜਾਂਚ ਕਰਨ ਅਤੇ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਖਿਡਾਰੀਆਂ ਨੂੰ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਨੀ ਪਈ।
ਮਾਰਚ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ: ਜਦੋਂ ਖਿਡਾਰੀਆਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਅਤੇ 28 ਮਈ, 2023 ਨੂੰ ਦਿੱਲੀ ਵਿਖੇ ਸ਼ਾਂਤੀਪੂਰਵਕ ਮਾਰਚ ਕੀਤਾ ਤਾਂ ਕੇਂਦਰ ਸਰਕਾਰ ਦੇ ਨਿਯੰਤਰਣ ਹੇਠ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਰੋਸ ਮਾਰਚ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਵਿਰੁੱਧ ਐਫਆਈਆਰਾਂ ਦਰਜ ਕੀਤੀਆਂ ਅਤੇ ਫਿਰ ਜ਼ਬਰਦਸਤੀ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਂਤਮਈ ਚੱਲ ਰਹੇ ਧਰਨੇ ਵਾਲੀ ਥਾਂ (ਜੰਤਰ-ਮੰਤਰ) ਤੋਂ ਹਟਾ ਦਿੱਤਾ। ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਜ਼ਬਰਦਸਤੀ ਹਟਾਉਣਾ ਸਰਾਸਰ ਗਲਤ ਅਤੇ ਗੈਰ-ਜਮਹੂਰੀ ਹੈ।
ਪੁਲਿਸ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ: ਅਸੀਂ ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਲ ਕਿਸਾਨ ਜਥੇਬੰਦਆਂ ਇਸਦਾ ਵਿਰੋਧ ਕਰਦੀਆਂ ਹਾਂ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨਾ ਜਾਰੀ ਰੱਖਣ ਦੀ ਇਜਾਜ਼ਤ ਦੇਵੇ,ਦੁਰਵਿਵਹਾਰ ਕਰਨ ਵਾਲੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ, ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਚਾਰਜਸ਼ੀਟ ਦਾਇਰ ਕਰਨ ਅਤੇ ਮੁਕੱਦਮਾ ਚਲਾਉਣ ਲਈ ਉਸ ਦੀ ਹਿਰਾਸਤ ਵਿੱਚ ਪੁੱਛਗਿੱਛ ਕੀਤੀ ਜਾਵੇ।