ਫ਼ਤਿਹਗੜ੍ਹ ਸਾਹਿਬ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਪਾਸਿਓ ਸਮਰਥਨ ਮਿਲ ਰਿਹਾ ਹੈ। ਮੰਡੀ ਗੋਬਿੰਦਗੜ੍ਹ 'ਚ ਸ਼ਨੀਵਾਰ ਕਿਸਾਨ ਸੰਘਰਸ਼ ਨੂੰ ਸਮਰਥਨ ਕਰਦਿਆਂ ਸਾਬਕਾ ਫੌਜੀਆਂ ਅਤੇ ਕਲਾਕਾਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਜਵਾਨ ਤੇ ਕਿਸਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ।
ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਪੁੱਜੇ ਸਾਬਕਾ ਫ਼ੌਜੀ ਕੈਪਟਨ ਨੰਦ ਲਾਲ ਨੇ ਕਿਹਾ ਕਿ ਉਹ ਸਾਰੇ ਸਾਬਕਾ ਫ਼ੌਜੀ, ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਸਾਬਕਾ ਫੌਜੀਆਂ ਨਾਲ ਵੀ ਧੋਖਾ ਕੀਤਾ ਹੈ, ਜੋ ਇੱਕ ਰੈਂਕ ਇੱਕ ਪੈਨਸ਼ਨ ਦਾ ਵਾਅਦਾ ਕਰਕੇ ਮੁੱਕਰ ਗਈ ਹੈ। ਹੁਣ ਮੋਦੀ ਸਰਕਾਰ ਨੇ ਕਿਸਾਨਾਂ 'ਤੇ ਇਹ ਤਿੰਨ ਕਾਲੇ ਕਾਨੂੰਨ ਥੋਪ ਦਿੱਤੇ ਹਨ, ਜੋ ਉਹ ਵੀ ਗ਼ਲਤ ਹਨ।
ਉਨ੍ਹਾਂ ਕਿਹਾ ਕਿ ਕਿਸੇ ਸਮੇਂ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ, ਪਰੰਤੂ ਮੋਦੀ ਸਰਕਾਰ ਨੇ ਅੱਜ ਨਾ ਤਾਂ ਜਵਾਨ ਛੱਡਿਆ ਹੈ ਅਤੇ ਨਾ ਹੀ ਕਿਸਾਨ, ਦੋਵਾਂ ਨੂੰ ਹੀ ਮਿੱਟੀ ਵਿੱਚ ਰੋਲ ਦਿੱਤਾ ਹੈ। ਇਸ ਲਈ ਸਮੂਹ ਫੌਜੀ ਕਿਸਾਨਾਂ ਦੇ ਨਾਲ ਹਨ, ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ।
ਧਰਨੇ ਵਿੱਚ ਕਲਾਕਾਰਾਂ ਵੱਲੋਂ ਸਮਰਥਨ ਦੇਣ ਪੁੱਜੇ ਲੋਕ ਗਾਇਕ ਬਿੱਟੂ ਖੰਨੇ ਵਾਲਾ ਦਾ ਕਹਿਣਾ ਸੀ ਕਿ ਸਮੂਹ ਕਲਾਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਥ ਦੇਣ ਕਿਉਂਕਿ ਜੇਕਰ ਕਿਸਾਨ ਜਿਊਂਦਾ ਰਹੇਗਾ ਤਾਂ ਹੀ ਦੁਨੀਆ ਜਿਊਂਦੀ ਰਹਿ ਸਕਦੀ ਹੈ।