ਸ੍ਰੀ ਫਤਿਹਗੜ੍ਹ ਸਾਹਿਬ: ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਨੂੰ ਲੈਕੇ ਆਮ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੇ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਚੋਣ ਨਾ ਹੋਣ ਦੇ ਕਾਰਨ ਲੋੜਵੰਦ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੁਸਾਇਟੀ ਬੈਂਕ ਮੰਡੀ ਗੋਬਿੰਦਗੜ ਨਾਲ ਜੁੜੇ ਸਾਬਕਾ ਡਾਇਰੈਕਟਰ ਅਤੇ ਵੱਡੀ ਗਿਣਤੀ ਬੈਂਕ ਮੈਂਬਰਾਂ ਵੱਲੋਂ ਇਸ ਦੀ ਜਲਦ ਚੋਣ ਕਰਵਾਉਣ ਲਈ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੌਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਦੱਸਿਆ ਕਿ ਇਸ ਕੋਆ. ਹਾਊਸ ਬਿਲਡਿੰਗ ਸੁਸਾਇਟੀ ਬੈਂਕ ਮੰਡੀ ਗੋਬਿੰਦਗੜ ਨਾਲ ਵੱਡੀ ਗਿਣਤੀ ਮੈਂਬਰ ਜੁੜੇ ਹੋਏ ਹਨ ਜਿੰਨ੍ਹਾਂ ਨੂੰ ਬੈਂਕ ਦੀ ਚੋਣ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਬੈਂਕ ਦੀ ਮੁਨਿਆਦ 31 ਅਕਤੂਬਰ 2017 ਨੂੰ ਖਤਮ ਹੋ ਚੁੱਕੀ ਹੈ। ਇਸ ਉਪਰੰਤ ਇਸ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਅਜੇ ਤੱਕ ਨਹੀਂ ਕਰਵਾਈ ਗਈ ਤੇ ਸੁਸਾਇਟੀ ਨਾਲ ਜੁੜੇ ਮੈਂਬਰਾਂ ਨੂੰ ਸਭਾ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਜਿਸ ਦੇ ਨਾਲ ਸਭਾ ਨੂੰ ਵੀ ਵਿੱਤੀ ਘਾਟਾ ਪੈ ਰਿਹਾ ਹੈ।
ਰਾਜੂ ਖੰਨਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਫਤਹਿਗੜ ਸਾਹਿਬ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਸਹਿਕਾਰਤਾ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਸਾਇਟੀ ਮੈਂਬਰਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਹੱਲ ਕਰਨ ਲਈ ਨਿਰਪੱਖ ਢੰਗ ਨਾਲ ਇਸ ਸੁਸਾਇਟੀ ਦੀ ਚੋਣ ਕਰਵਾਈ ਜਾਵੇ ਤਾਂ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਿੱਕਲ ਸਕੇ।