ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਹਾਂਮਾਰੀ ਦੇ ਚਲਦੇ ਕਈ ਦੇਸ਼ਾਂ 'ਚ ਤਾਲਾਬੰਦੀ ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਵੱਲੋਂ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਭੀੜ ਵਾਲੀਆਂ ਥਾਵਾਂ ਨੂੰ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਸਿਨੇਮਾ ਘਰ, ਜਿੰਮ, ਹੋਟਲ ਅਤੇ ਹੋਰ ਭੀੜ ਭਾੜ ਵਾਲੀਆਂ ਥਾਵਾਂ ਨੂੰ ਬੰਦ ਕੀਤਾ ਗਿਆ ਹੈ। ਅਦਾਲਤਾਂ ਵਿੱਚ ਵੀ ਭੀੜ ਭਾੜ ਨੂੰ ਰੋਕਣ ਦੇ ਲਈ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਕੀਲ ਬ੍ਰਿਜ ਮੋਹਨ ਸਿੰਘ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ, ਉਸ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਅਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਜ਼ਿਲ੍ਹਾ ਅਦਾਲਤ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਅਦਾਲਤ ਦੇ ਵਿੱਚ ਉਹ ਹੀ ਪੇਸ਼ ਹੋ ਸਕਦਾ ਹੈ ਜਿਸ ਦਾ ਜ਼ਰੂਰੀ ਕੇਸ ਹੋਵੇ। ਅਦਾਲਤ ਦੇ ਵਿੱਚ ਵੀ ਵਕੀਲ ਦੀ ਦਿੱਤੀ ਨਾਂਅ ਵਾਲੀ ਪਰਚੀ ਦੇ ਨਾਲ ਹੀ ਵਿਅਕਤੀ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਸਾਵਧਾਨੀ ਵਰਤਦੇ ਹੋਏ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ।