ਸ੍ਰੀ ਫ਼ਤਿਹਗੜ੍ਹ ਸਾਹਿਬ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਪਰ ਕੇਂਦਰ ਸਰਕਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਉਥੇ ਹੀ ਜੇਕਰ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਲੋਕਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨ ਸਬੰਧੀ ਸਾਈਕਲ ਰੈਲੀ ਸ਼ੁਰੂ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਦੇ ਉਹਨਾਂ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸਾਈਕਲ ਰੈਲੀ ਸ਼ੁਰੂ ਕੀਤੀ ਗਈ ਹੈ ਜੋ ਕਸਬੇ ਅਤੇ ਪਿੰਡਾਂ ਤਕ ਵੀ ਪਹੁੰਚ ਕਰੇਗੀ। ਜਿਸ ਸਦਕਾ ਲੋਕਾਂ ਨੂੰ ਦਿੱਲੀ ਜਾਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ ਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।
ਬੈਂਸ ਨੇ ਕਿਹਾ ਕਿ ਉਹਨਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਦਿੱਲੀ ਰਵਾਨਾ ਹੋਣਗੇ, ਤੇ ਉਹ ਰਾਕੇਸ਼ ਟਿਕੈਤ ਜੀ ਦਾ ਸਤਿਕਾਰ ਕਰਦੇ ਹਨ। ਇਸ ਲਈ ਉਹ ਉਹਨਾਂ ਨੂੰ ਸੋਨੇ ਦੀ ਕਹੀ ਵੀ ਭੇਂਟ ਕਰਨਗੇ। ਉਥੇ ਹੀ ਉਹਨਾਂ ਨੇ ਦੀਪ ਸਿੱਧੂ, ਲੱਖਾ ਸਿਧਾਣਾ ਤੇ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਨਾ ਕਰਨ।