ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਨਿਵਾਸੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਸਿਵਲ ਸਰਜਨ ਡਾ. ਐਨ ਕੇ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਚੋਂ 15 ਵਿਅਕਤੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸਾਨੀਪੁਰ, ਖ਼ੋਜੇ ਮਾਜਰਾ, ਸੰਘੋਲ ਅਤੇ ਮਨੈਲੀ ਪਿੰਡਾਂ ਦੇ 15 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਖ਼ਬਰ ਜ਼ਿਲ੍ਹਾ ਵਾਸੀਆਂ ਲਈ ਬੇਹਦ ਰਾਹਤ ਦੇਣ ਵਾਲੀ ਹੈ।
ਦੱਸ ਦਈਏ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਬੀਤੇ ਦਿਨੀਂ 2 ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਪੌਜ਼ੀਟਿਵ ਮਾਮਲੇ ਆਉਣ ਤੋਂ ਬਾਅਦ 3 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾਕਟਰ ਐਨਕੇ ਅਗਰਵਾਲ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਜ਼ਿਲ੍ਹੇ ਵਿੱਚ ਔਰੰਗਾਬਾਦ, ਮਹਾਰਾਸ਼ਟਰ ਤੋਂ ਨਿਜ਼ਾਮੂਦੀਨ ਹੁੰਦੀਆਂ ਹੋਈਆਂ ਜ਼ਿਲ੍ਹੇ ਦੇ ਪਿੰਡ ਮਨੈਲੀ ਪੁੱਜੀਆਂ ਸਨ।
ਇਸ ਤੋਂ ਪਹਿਲਾਂ ਇਹ ਦੋਵੇਂ ਔਰਤਾਂ ਜ਼ਿਲ੍ਹੇ ਦੇ ਪਿੰਡ ਸਾਨੀਪੁਰ ਅਤੇ ਸੰਘੋਲ ਵਿਖੇ ਵੀ ਕੁੱਝ ਸਮਾਂ ਰਹੀਆਂ ਸਨ। ਫ਼ਤਹਿਗੜ੍ਹ ਸਾਹਿਬ ਦੇ ਸਿਹਤ ਵਿਭਾਗ ਨੇ 2 ਕੋਰੋਨਾ ਪੌਜ਼ੀਟਿਵ ਆਉਣ ਵਾਲੀਆਂ ਔਰਤਾਂ ਦੇ ਸੰਪਰਕ ਵਿੱਚ ਆਉਣ ਵਾਲੇ 15 ਵਿਅਕਤੀਆਂ ਦੇ ਕੋਵਿਡ-19 ਸੈਂਪਲ ਲਏ ਸਨ ਜਿਸ ਦੀ ਰਿਪੋਰਟ ਬੀਤੇ ਦਿਨ ਮੰਗਲਵਾਰ ਨੂੰ ਆਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 99 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ, 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ