ਫ਼ਰੀਦਕੋੇਟ: ਪੰਜਾਬ ਸਰਕਾਰ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਬਜਟ 'ਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਕੋਈ ਰਾਹਤ ਨਾ ਮਿਲਣ ਤੇ ਅੱਜ ਪੰਜਾਬ ਭਰ ਵਿੱਚ ਆਂਗਨਵਾੜੀ ਯੂਨੀਅਨ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਿੱਥੇ ਆਂਗਨਵਾੜੀ ਵਰਕਰਾਂ ਨੇ ਸਰਕਾਰ 'ਤੇ ਵਾਅਦਾਖਿਲਾਫ਼ੀ ਦੇ ਦੋਸ਼ ਲਗਾਏ, ਉਥੇ ਹੀ ਉਨ੍ਹਾਂ ਐਲਾਨ ਕੀਤਾ ਕਿ ਅਸੀਂ ਸਰਕਾਰ ਦੇ ਨੱਕ 'ਚ ਦਮ ਕਰ ਆਪਣੀਆਂ ਮੰਗਾਂ ਮੰਨਵਾ ਕੇ ਰਹਾਂਗੀਆਂ।
ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਸਰਬਜੀਤ ਕੌਰ ਨੇ ਕਿਹਾ ਕਿ ਪੰਜਾਬ ਭਰ ਵਿੱਚ 54 ਹਜ਼ਾਰ ਆਂਗਨਵਾੜੀ ਵਰਕਰ ਅਤੇ ਹੈਲਪਰ ਹਨ, ਜਿਨ੍ਹਾਂ ਨੂੰ ਸਰਕਾਰ ਨੇ ਪਿਛਲੇ 4 ਸਾਲ ਤੋਂ ਹਰਿਆਣਾ ਪੈਟਰਨ ਤੇ ਤਨਖਾਹਾਂ ਵਧਾਉਣ ਦਾ ਲਾਰਾ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿਕੁਝ ਸਮਾਂ ਪਹਿਲਾਂ ਸਰਕਾਰ ਨੇ ਉਨ੍ਹਾਂ ਨੂੰ ਬਜਟ ਵਿੱਚ ਰਾਹਤ ਦੇਣ ਦੀ ਗੱਲ ਕਹੀ ਸੀ ਪਰ ਬਜਟ ਵਿੱਚ ਉਨ੍ਹਾਂ ਸਾਨੂੰ ਕੋਈ ਰਾਹਤ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਨੂੰ ਰਾਹਤ ਤਾਂ ਕੀ ਦੇਣੀ ਉਲਟਾ ਕੇਂਦਰ ਸਰਕਾਰ ਵੱਲੋਂ ਜੋ ਸਾਨੂੰ 600 ਰੁਪੈ ਵਧਾਏ ਗਏ ਹਨ ਉਹ ਵੀ ਪੰਜਾਬ ਸਰਕਾਰ 2018 ਤੋਂ ਸਾਨੂੰ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਰਕਾਰ ਉਨ੍ਹਾਂ ਦੀਆ ਮੰਗਾਂ ਨਹੀਂ ਮੰਨਦੀ ਉਨਾਂ ਚਿਰ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੀਆਂ ਪਰ ਆਪਣੀਆ ਮੰਗਾਂ ਮੰਨਵਾ ਕੇ ਰਹਿਣਗੀਆਂ।