ਫ਼ਰੀਦਕੋਟ: ਕੈਨੇਡਾ ਰਹਿੰਦੇ ਜਰਨੈਲ ਸਿੰਘ ਦੇ ਘਰ ਦੀ 23 ਸਾਲ ਪੁਰਾਣੀ ਕੰਧ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਜਰਨੈਲ ਸਿੰਘ ਜੋ ਕਿ ਕੋਟਕਪੂਰਾ ਦੇ ਬਠਿੰਡਾ ਰੋਡ ਉੱਤੇ ਰਹਿਣ ਵਾਲੇ ਹਨ, ਜਿਸ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ।
ਜਰਨੈਲ ਸਿੰਘ ਦੀ ਪਤਨੀ ਸੁਖਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੁੱਝ ਦਿਨ ਪਹਿਲਾਂ ਵੱਡੀ ਗਿਣਤੀ ਵਿੱਚ ਲੋਕ ਆਏ ਅਤੇ ਕੰਧ ਢਾਹੁਣ ਲੱਗ ਪਏ। ਮੈਂ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ, ਉਨ੍ਹਾਂ ਨੇ ਮੇਰੇ ਨਾਲ ਹੀ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕੀਤੀ।
ਉਥੇ ਹੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਇੱਕ ਐੱਨ.ਆਰ.ਆਈ ਹੈ ਅਤੇ ਉਹ ਕੈਨੇਡਾ ਰਹਿੰਦਾ ਹੈ। ਉਸ ਨੂੰ ਉਸ ਦੇ ਕਿਸੇ ਜਾਣ-ਪਹਿਚਾਣ ਵਾਲੇ ਦੱਸਿਆ ਕਿ ਉਸ ਦੇ ਘਰ ਦੀ ਕੰਧ ਢਹਿ ਗਈ ਹੈ ਅਤੇ ਉਹ ਆਪਣੇ ਘਰ ਦੀ ਕੰਧ ਦੀ ਉਸਾਰੀ ਵਾਸਤੇ ਆਇਆ ਸੀ।
ਜਦੋਂ ਉਸ ਨੇ ਕੰਧ ਉਸਾਰਨੀ ਸ਼ੁਰੂ ਕੀਤੀ ਤਾਂ ਕੁੱਝ ਲੋਕ ਆਏ ਅਤੇ ਉਸ ਦੀ ਕੰਧ ਢਾਹ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਜਦ ਅਸੀਂ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਥੇ ਸਰਕਾਰੀ ਗਲੀ ਹੈ। ਜਿਸ ਤੋਂ ਬਾਅਦ ਅਸੀਂ ਆਪਣੇ ਰਿਕਾਰਡ ਦੀ ਜਾਂਚ ਲਈ ਹਲਕਾ ਪਟਵਾਰੀ ਨਾਲ ਸੰਪਰਕ ਕੀਤਾ।
ਜਰਨੈਲ ਸਿੰਘ ਨੇ ਦੱਸਿਆ ਕਿ ਹਲਕਾ ਪਟਵਾਰੀ ਨੇ ਉਨ੍ਹਾਂ ਨੂੰ ਆਪਣੇ ਦਸਤਖ਼ਤਾਂ ਰਾਹੀਂ ਇੱਕ ਸਾਦੇ ਕਾਗਜ਼ ਅਤੇ ਰਿਪੋਰਟ ਤਿਆਰ ਕਰ ਕੇ ਦਿੱਤੀ ਕਿ ਜਿਸ ਜਗ੍ਹਾ ਜਰਨੈਲ ਸਿੰਘ ਦਾ ਘਰ ਹੈ ਉਸ ਦੇ ਨਾਲ ਜੋ ਖਾਲਾ ਹੈ ਉਸ ਦੇ ਚੜ੍ਹਦੇ ਵਾਲੇ ਪਾਸੇ ਪਹੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਤਾਂ ਦਰਜ ਕੀਤਾ ਪਰ ਕਈ ਦਿਨ ਬੀਤ ਜਾਣ ਬਾਅਦ ਵੀ ਪੁਲਿਸ ਵੱਲੋਂ ਕਥਿਤ ਦੋਸੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਪੂਰੇ ਮਾਮਲੇ ਬਾਰੇ ਮੁੱਖ ਥਾਣਾ ਅਫ਼ਸਰ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰੀ ਪਹੀ ਉੱਤੇ ਨਜਾਇਜ਼ ਕਬਜੇ ਨੂੰ ਲੇ ਕੇ ਕੁੱਝ ਲੋਕਾਂ ਵੱਲੋਂ ਜਰਨੈਲ ਸਿੰਘ ਦੇ ਘਰ ਦੀ ਕੰਧ ਢਾਹੀ ਗਈ ਸੀ ਜਿਸ ਸਬੰਧੀ 12 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਦੂਜੀ ਧਿਰ ਵੱਲੋਂ ਪਹਿਲੀ ਧਿਰ ਦੇ ਵਿਰੁੱਧ ਵੀ 379ਬੀ ਤਹਿਤ ਕਾਰਸ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।