ਫਰੀਦਕੋਟ : ਜੈਤੋ ਨਿਵਾਸੀ ਲਾਜਪਤ ਰਾਏ ਗਰਗ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਨਗਰ ਕੌਂਸਲ ਜੈਤੋ ਦੇ ਕੁੱਝ ਮੁਲਾਜ਼ਮਾਂ ਖਿਲਾਫ ਰਿਕਾਰਡ ਖੁਰਦ ਬੁਰਦ ਕਰਨ ਦੇ ਮਾਮਲੇ ਨੂੰ ਲੈਕੇ ਮਾਮਲਾ ਦਰਜ ਕੀਤਾ ਗਿਆ ਸੀ। ਦਰਜ ਹੋਏ ਮਾਮਲੇ ਤੋਂ ਬਾਅਦ ਕਾਰਵਾਈ ਕਰਦੇ ਹੋਏ ਪਹਿਲਾਂ ਨਗਰ ਕੌਂਸਲ ਦੇ ਚਾਰ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿਚ ਹੁਣ ਜਾਂਚ ਦੌਰਾਨ ਤਤਕਾਲੀ ਇੰਸਪੈਕਟਰ ਪ੍ਰੇਮ ਚੰਦ ਵੱਲੋਂ ਪ੍ਰਾਪਰਟੀ ਟੈਕਸ ਦੇ ਦਸਤਾਵੇਜ਼ਾਂ ਨਾਲ ਛੇੜਖਾਨੀ ਕਰ ਖੁਰਦ ਬੁਰਦ ਕਰਨ ਦੇ ਇਲਜ਼ਾਮ ਹੇਠ ਵਿਜੀਲੈਂਸ ਵਿਭਾਗ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਤਿੰਨ ਦਿਨ ਦੇ ਰਿਮਾਂਡ ਉਤੇ ਲਿਆ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਲਾਜਪਤ ਰਾਏ ਨੇ ਦੱਸਿਆ ਕਿ ਉਸ ਵੱਲੋਂ ਡਾਇਰੈਕਟਰ ਵਿਜੀਲੈਂਸ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਨਗਰ ਕੌਂਸਲ ਜੈਤੋ ਦਫਤਰ ਅੰਦਰ ਵੱਡੇ ਪੱਧਰ ਤੇ ਘਪਲੇਬਾਜ਼ੀ ਚਲ ਰਹੀ ਹੈ। ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਜਿਸ ਸ਼ਿਕਾਇਤ ਦੀ ਪੜਤਾਲ ਕੀਤੇ ਜਾਣ ਦੇ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਚਾਰ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਕਲਰਕ ਪ੍ਰੇਮ ਚੰਦ ਜੋ ਜੈਤੋ ਤੋਂ ਬਦਲੀ ਕਰਵਾ ਕੇ ਕੋਟਕਪੂਰਾ ਚਲਾ ਗਿਆ ਸੀ। ਉਸ ਨੂੰ ਵੀ ਅੱਜ ਈਓ ਕੋਟਕਪੂਰਾ ਦੀ ਹਾਜ਼ਰੀ ਵਿਚ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲੇ ਵੀ ਜੈਤੋ ਨਗਰ ਕੌਂਸਲ ਦੇ ਕੁੱਝ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ : ਨਕਲੀ ਦਵਾਈਆਂ ਦੀ ਕਵਰੇਜ ਲਈ ਮੈਡੀਕਲ ਸਟੋਰ ਗਿਆ ਸੀ ਪੱਤਰਕਾਰ, ਸਟੋਰ ਦੇ ਕਰਿੰਦਿਆਂ ਨੇ ਫੜ੍ਹ ਲਿਆ, ਅੱਗੇ ਜੋ ਹੋਇਆ ਦੇਖ ਕੇ ਹੋ ਜਾਓਗੇ ਹੈਰਾਨ...
ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਵਿਚੋਂ ਇਕ ਪ੍ਰੇਮ ਚੰਦ ਝੂਠੇ ਦਸਤਾਵੇਜ਼ਾਂ ਦੇ ਆਧਾਰ ਉਤੇ ਤਰੱਕੀ ਵੀ ਲੈ ਗਿਆ ਸੀ, ਜੋ ਕਿ ਵਿਜੀਲੈਂਸ ਨੂੰ ਚਕਮਾ ਦੇ ਕੇ ਜੈਤੋਂ ਤੋਂ ਬਦਲੀ ਕਰਵਾ ਕੇ ਕੋਟਕਪੂਰਾ ਚਲਾ ਗਿਆ ਸੀ, ਪਰ ਦੁਬਾਰਾ ਸ਼ਿਕਾਇਤ ਕਰਨ ਉਤੇ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਕਾਰਵਾਈ ਕਰਦਿਆਂ ਉਕਤ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਵੀ ਜ਼ਿੰਮੇਵਾਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।