ਫ਼ਰੀਦਕੋਟ: ਸੂਬੇ ਵਿੱਚ ਵੱਖ-ਵੱਖ ਥਾਂਵਾਂ 'ਤੇ ਪੁਲਿਸ ਵੱਲੋਂ ਨਾਕੇ ਲਗਾ ਕੇ ਟੈਕਸੀਆਂ ਦੇ ਕੱਟੇ ਜਾ ਰਹੇ ਚਾਲਾਨਾਂ ਤੋਂ ਦੁਖੀ ਪੰਜਾਬ ਟੈਕਸੀ ਯੂਨੀਅਨ ਦੇ ਆਗੂਆਂ ਨੇ ਮੰਗਲਵਾਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਟੈਕਸੀ ਚਾਲਕਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਨਾ ਕੀਤੇ ਜਾਣ ਦੀ ਮੰਗ ਕੀਤੀ ਅਤੇ ਡੀਸੀ ਫਰੀਦਕੋਟ ਦੇ ਨਾਂਅ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਰਾਹੀਂ ਟੈਕਸੀਆਂ ਵਿੱਚ ਪੂਰੀਆਂ ਸਵਾਰੀਆਂ ਬਿਠਾਉਣ ਦੀ ਆਗਿਆ ਦੇਣ ਦੀ ਮੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਕਾਰੋਬਾਰ ਠੱਪ ਹੋਣ ਦੇ ਚਲਦੇ ਟੈਕਸੀ ਚਾਲਕ ਗੱਡੀਆਂ ਦੀਆਂ ਕਿਸ਼ਤਾਂ ਭਰਨ ਤੋਂ ਵੀ ਅਸਮਰੱਥ ਨਜ਼ਰ ਆ ਰਹੇ ਹਨ। ਮੰਗਲਵਾਰ ਇਕੱਠੇ ਹੋਏ ਪੰਜਾਬ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੈ ਅਤੇ ਜੇਕਰ ਕੋਈ ਗੱਡੀ ਵਾਲਾ 1500 ਦਾ ਗੇੜਾ ਲਾਉਂਦਾ ਹੈ ਤਾਂ ਪੁਲਿਸ ਉਸ ਦਾ ਦੋ ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੰਦੀ ਹੈ।
ਇਸ ਦੇ ਨਾਲ ਹੀ ਯੂਨੀਅਨ ਆਗੂਆਂ ਨੇ ਗੱਡੀਆਂ ਵਿੱਚ ਪੂਰੀਆਂ ਸਵਾਰੀਆਂ ਬਿਠਾਉਣ ਦੀ ਆਗਿਆ ਦੇਣ ਵੀ ਮੰਗੀ। ਇਨ੍ਹਾਂ ਮੰਗਾਂ ਨੂੰ ਲੈ ਕੇ ਟੈਕਸੀ ਯੂਨੀਅਨ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਪੱਧਰ 'ਤੇ ਸੰਘਰਸ਼ ਵਿੱਢਣਗੇ।