ਫ਼ਰੀਦਕੋਟ: ਬੀਤੇ ਦਿਨੀਂ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸਰਪੰਚ ਸੁਰਜੀਤ ਸਿੰਘ ਦੀ ਮੌਤ 'ਤੇ ਸੁਖਬੀਰ ਬਾਦਲ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ। ਉਨ੍ਹਾਂ ਨੇ ਸੁਰਜੀਤ ਦੀ ਮੌਤ ਦਾ ਜ਼ਿੰਮੇਵਾਰ ਕਾਂਗਰਸ ਨੂੰ ਦੱਸਿਆ।
ਮੁੱਖ ਮੰਤਰੀ ਦੇ ਸਲਾਹਕਾਰ ਤੇ ਕੁਝ ਕਾਂਗਰਸੀਆਂ ਨੇ ਪਾਇਆ ਦਬਾਅ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਦਿਨੀਂ ਬਹਿਬਲਕਲਾਂ ਗੋਲੀਕਾਂਡ ਦੇ ਇਕਲੌਤੇ ਤੇ ਮੁੱਖ ਗਵਾਹ ਦੀ ਹੋਈ ਮੌਤ ਦਾ ਉਨ੍ਹਾਂ ਨੂੰ ਕਾਫ਼ੀ ਅਫ਼ਸੋਸ ਹੈ। ਪਾਰਟੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ MLA ਕੁਸ਼ਲਦੀਪ ਸਿੰਘ ਢਿੱਲੋਂ ਤੇ ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੁਰਜੀਤ ਸਿੰਘ 'ਤੇ ਦਬਾਅ ਪਾਇਆ ਸੀ, ਤਾਂ ਕਿ ਬਹਿਬਲਕਲਾਂ ਗੋਲੀਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸੁਰਜੀਤ ਸਿੰਘ ਗਵਾਹੀ ਨਾ ਦੇ ਸਕੇ।
ਇਸ ਦੇ ਨਾਲ ਹੀ ਬਹਿਬਲ ਕਲਾਂ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਪੂਰੇ ਮਾਮਲੇ ਵਿੱਚ ਕਾਂਗਰਸ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੈ, ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਫ਼ਰੀਦਕੋਟ ਦੇ ਆਗੂਆਂ ਦੀ ਡਿਊਟੀ ਲਾਈ ਹੈ ਕਿ ਉਹ ਸੁਰਜੀਤ ਸਿੰਘ ਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਨ।
ਗੁਰਪ੍ਰੀਤ ਕਾਂਗੜ ਤੇ ਕੁਸ਼ਲਦੀਪ ਢਿੱਲੋਂ ਵਿਰੁੱਧ ਹੋਵੇ ਪਰਚਾ ਦਰਜ
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਗੁਰਪ੍ਰੀਤ ਕਾਂਗੜ ਤੇ ਕੁਸ਼ਲਦੀਪ ਢਿੱਲੋਂ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਰਹਿਣਗੇ।
ਮ੍ਰਿਤਕ ਦੀ ਪਤਨੀ ਨੇ ਸਰਕਾਰ ਨੂੰ ਠਹਿਰਾਇਆ ਦੋਸ਼ੀ
ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਤੀ ਦੇ ਦੋਸ਼ੀ ਛੇਤੀ ਹੀ ਫੜੇ ਜਾਣ। ਉਨ੍ਹਾਂ ਕਿਹਾ ਕਿ 1 ਹਫ਼ਤਾ ਬੀਤ ਗਿਆ, ਪਰ ਕਿਸੇ ਵੀ ਦੋਸ਼ੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਸਰਕਾਰ ਨੇ ਉਨ੍ਹਾਂ ਦੇ ਪਤੀ 'ਤੇ ਇਸ ਕਰਕੇ ਦਬਾਅ ਪਾਇਆ ਸੀ ਤਾਂ ਕਿ ਉਹ ਬਹਿਬਲਕਲਾਂ ਗੋਲੀਕਾਂਡ ਬਾਰੇ ਸੱਚ ਨਾ ਦੱਸ ਸਕਣ। ਉਨ੍ਹਾਂ ਦੇ ਪਤੀ ਦੀ ਤਾਂ ਮੌਤ ਹੋ ਗਈ ਪਰ ਉਹ ਹੁਣ ਖ਼ੁਦ ਬਿਆਨ ਦੇਵੇਗੀ। ਜੇਕਰ ਉਨ੍ਹਾਂ ਨੂੰ ਛੇਤੀ ਇਨਸਾਫ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰਨਗੇ।