ਫ਼ਰੀਦਕੋਟ: ਬਹਿਬਲਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਲਾਗਾਤਾਰ ਕਾਂਗਰਸ ਦੇ ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਫ਼ਰੀਦਕੋਟ ਤੋਂ ਐਮਐਲਏ ਕੁਸ਼ਲਦੀਪ ਸਿੰਘ ਢਿਲੋਂ ਵਿਰੁੱਧ ਉਨ੍ਹਾਂ ਦੀ ਸ਼ਹਿ ਉੱਤੇ ਉਨ੍ਹਾਂ ਦੇ ਵਰਕਰਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਗਏ ਗਏ ਹਨ। ਇਹ ਵੀ ਕਿਹਾ ਗਿਆ ਕਿ ਕਥਿਤ ਸਿਆਸੀ ਦਬਾਅ ਦੇ ਚਲਦੇ ਹੀ ਸੁਰਜੀਤ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋ ਗਈ।
ਇਸ ਤੋਂ ਬਾਅਦ ਸਿਆਸਤ ਵਿੱਚ ਹਲਚਲ ਹੋ ਗਈ ਅਤੇ ਕਈ ਤਰ੍ਹਾਂ ਦੀ ਇਲਜ਼ਾਮਬਾਜੀ ਸ਼ੁਰੂ ਹੋ ਗਈ ਹੈ। ਜਿੱਥੇ ਇੱਕ ਪਾਸੇ ਕਾਂਗਰਸ ਦੇ ਕੈਬਿਨੇਟ ਮੰਤਰੀ ਰਾਣਾ ਸੋਢੀ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪੁਹੰਚੇ, ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁਹੰਚੇ। ਵੀਰਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਪੀੜਤ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪੁਹੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੁਰਜੀਤ ਸਿੰਘ ਉੱਤੇ ਇੰਨਾ ਮਾਨਸਿਕ ਦਬਾਅ ਪਾ ਦਿੱਤਾ ਗਿਆ ਕਿ ਉਸ ਦੀ ਮੌਤ ਹੋ ਗਈ ਅਤੇ ਕੈਪਟਨ ਨੂੰ ਤੁਰੰਤ ਕੈਬਿਨੇਟ ਮੰਤਰੀ ਕਾਂਗੜ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਦੇ ਵਿਰੁੱਧ ਅਤੇ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਅਤੇ ਬਿਜਲੀ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਜਾਂਚ ਨੂੰ ਜਲਦ ਪੂਰਾ ਕਰ ਇਨ੍ਹਾਂ ਦੇ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਸੁਖਬੀਰ ਬਾਦਲ ਦੇ ਆਉਣ ਉੱਤੇ ਕਿਹਾ ਹੈ ਕਿ ਇਨ੍ਹਾਂ ਦੇ ਰਾਜ ਦੇ ਸਮੇਂ ਹੀ ਬੇਅਦਬੀ ਹੋਈ ਅਤੇ ਇਨ੍ਹਾਂ ਦੇ ਰਾਜ ਵਿੱਚ ਹੀ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਹੋਇਆ ਅਤੇ ਹੁਣ ਚਾਹੇ ਇਹ ਪਰਿਵਾਰ ਦਾ ਸਾਥ ਦੇਣ ਦੀ ਗੱਲ ਕਰ ਰਹੇ ਹਨ, ਪਰ ਕਿਤੇ ਨਾ ਕਿਤੇ ਉਹ ਵੀ ਇਸ ਮਾਮਲੇ ਨੂੰ ਦਬਾਓਣ ਲਈ ਹੀ ਆਪਣੇ ਵਕੀਲਾਂ ਵਲੋਂ ਪਰਿਵਾਰ ਦੀ ਮਦਦ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ, 'ਅਸੀ ਵਿਧਾਨ ਸਭਾ ਵਿੱਚ ਇਸ ਮੁੱਦੇ ਨੂੰ ਪਹਿਲ ਦੇ ਆਧਾਰ ਉੱਤੇ ਚੁੱਕਾਂਗੇ।'
ਇਸ ਮੌਕੇ ਮਰਹੂਮ ਸੁਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਅਸੀ ਕੱਲ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਆਏ ਹਾਂ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਵਿੱਚ ਪੂਰੀ ਜਾਂਚ ਕਰਵਾਉਣਗੇ ਅਤੇ ਅੱਜ ਸਾਡੇ ਬਿਆਨ ਦਰਜ ਕੀਤੇ ਗਏ ਹਨ ਹੁਣ ਵੇਖਣਾ ਹੋਵੇਗੇ ਕਿ ਸਾਨੂੰ ਕਦੋਂ ਇਨਸਾਫ ਮਿਲਦਾ ਹੈ।
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਦੇ ਯੂ-ਟਰਨ 'ਤੇ ਭੜਕੇ ਕੈਪਟਨ