ਫ਼ਰੀਦਕੋਟ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸ਼ਹਿਰ 'ਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਅਕਾਲੀ ਦਲ ਬਾਦਲ ਦੀ ਸਮੂਚੀ ਲੀਡਰਸ਼ਿੱਪ ਸਣੇ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪੁਜੇ। ਪ੍ਰਦਰਸ਼ਨਕਾਰੀਆਂ ਵੱਲੋਂ ਸੂਬਾ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਰੋਸ ਪ੍ਰਦਰਸ਼ਨ 'ਚ ਭਾਜਪਾ ਦੇ ਨੇਤਾ ਅਤੇ ਅਕਾਲੀ ਦਲ ਦੇ ਸਿੰਕਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਿੱਲ ਸਣੇ ਹੋਰ ਕਈ ਸਿਆਸੀ ਆਗੂ ਮੌਜੂਦ ਰਹੇ।
ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ, ਕਿਸਾਨੀ ਮੁੱਦਿਆ, ਬਿਜਲੀ ਦਰਾਂ 'ਚ ਵਾਧਾ ਅਤੇ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਜਾਣ ਅਤੇ ਹੋਰਨਾਂ ਕਈ ਮੁੱਦਿਆਂ 'ਤੇ ਗੱਲ ਕੀਤੀ।
ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੇ ਵਿਰੁੱਧ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਕੜੀ 'ਚ ਅੱਜ ਫ਼ਰੀਦਕੋਟ ਵਿਖੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕੈਪਟਨ ਸਰਕਾਰ ਦੇ ਵਿਰੁੱਧ ਬੋਲਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕਈ ਵਾਅਦੇ ਕੀਤੇ ਸਨ ਪਰ ਇਨ੍ਹਾਂ ਚੋਂ ਇੱਕ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸੁਖਬੀਰ ਬਾਦਲ ਨੇ ਕਿਹਾ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੇ ਦੌਰਾਨ ਕੈਪਟਨ ਸਰਕਾਰ ਕਦੇ ਵੀ ਜਨਤਾ ਦੇ ਵਿਚਾਲੇ ਨਹੀਂ ਪਹੁੰਚੀ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਨੌਕਰੀ, ਬੇਅਦਬੀ ਮਾਮਲੇ ਤੇ ਹੋਰਨਾਂ ਮਾਮਲਿਆਂ ਨੂੰ ਹੱਲ ਕਰਨ 'ਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਰਹੀ ਹੈ। ਸੁਖਬੀਰ ਬਾਦਲ ਨੇ ਸੂਬੇ ਵਿਗੜੀ ਹੋਈ ਆਰਥਿਕ ਹਾਲਤ, ਕਿਸਾਨਾਂ ਦੀ ਹਾਲਤ 'ਤੇ ਬਿਜਲੀ ਦੀ ਵੱਧ ਦਰਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ।
ਸੁਖਬੀਰ ਬਾਦਲ ਨੇ ਬਹਿਬਲਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦੀ ਮੌਤ ਮਾਮਲੇ 'ਤੇ ਪੰਜਾਬ ਸਰਕਾਰ ਵੱਲੋਂ ਕੁੱਝ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਬਚਾਉਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਮੰਤਰੀਆਂ ਤੇ ਪੁਲਿਸ ਅਧਿਕਾਰੀਆਂ ਦੇ ਬਚਾਅ ਲਈ ਉਨ੍ਹਾਂ 'ਤੇ ਦਬਾਅ ਪਾ ਰਹੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।