ਫ਼ਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਅਦਬੀ ਤੋਂ ਬਾਅਦ ਵਾਪਰੇ ਗੋਲੀਕਾਂਡ ਮਾਮਲਿਆਂ ਦੇ ਇਨਸਾਫ ਲਈ ਬੀਤੇ 1 ਸਾਲ ਤੋਂ ਲਗਾਏ ਗਏ ਇਨਸਾਫ ਮੋਰਚੇ ਵਲੋਂ ਇਕ ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ। ਇਨਸਾਫ ਨਾ ਮਿਲਣ ਦੇ ਚੱਲਦੇ ਵੀਰਵਾਰ ਨੂੰ ਸਿੱਖ ਸੰਗਤ ਵਲੋਂ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਦੋਹਾਂ ਸਾਈਡਾਂ ਤੋਂ ਬੰਦ ਕਰ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ।
ਸਰਕਾਰ ਨੇ ਮੰਗਿਆ ਹੋਰ 2 ਮਹੀਨੇ ਦਾ ਸਮਾਂ: ਇਸ ਤੋਂ ਬਾਅਦ ਸੰਗਤ ਨਾਲ ਗੱਲਬਾਤ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਪਹੁੰਚੇ। ਉਨ੍ਹਾਂ ਵਲੋਂ ਸੰਗਤ ਤੋਂ 2 ਮਹੀਨੇ ਦਾ ਹੋਰ ਸਮਾਂ ਮੰਗਿਆ ਗਿਆ ਅਤੇ ਨਾਲ ਹੀ ਇਕ ਸਾਇਡ ਤੋਂ ਨੈਸ਼ਨਲ ਹਾਈਵੇ ਖੋਲ੍ਹਣ ਦੀ ਮੰਗ ਰੱਖੀ ਗਈ। ਕਿਉਂਕਿ, ਸ਼ਹੀਦੀ ਜੋੜ ਮੇਲਾ ਸ਼ੁਰੂ ਹੋਣ ਵਾਲਾ ਹੈ, ਤਾਂ ਜੋ ਇਥੋਂ ਲੰਘਣ ਵਾਲੀ ਸਿੱਖ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਸੰਗਤ ਵਲੋਂ ਕੈਬਨਿਟ ਮੰਤਰੀ ਨੂੰ 2 ਟੁੱਕ ਜਵਾਬ ਦਿੰਦਿਆਂ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਬੇਰੰਗ ਪਰਤੇ ਮੰਤਰੀ ਫੌਜਾ ਸਿੰਘ ਸਰਾਰੀ: ਸ਼ਹੀਦੀ ਜੋੜ ਮੇਲੇ ਦੇ ਚੱਲਦੇ ਨੈਸ਼ਨਲ ਹਾਈਵੇ ਨੂੰ ਇਕ ਸਾਈਡ ਤੋਂ 7 ਜਨਵਰੀ ਤੱਕ ਲਈ ਖੋਲ੍ਹ ਦਿੱਤਾ ਗਿਆ। 7 ਜਨਵਰੀ ਤੋਂ ਬਾਅਦ ਮੁੜ ਨੈਸ਼ਨਲ ਹਾਈਵੇ ਦੋਹਾਂ ਸਾਈਡਾਂ ਤੋਂ ਜਾਮ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਸੰਗਤ ਨੂੰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਡੇਰਾ ਸਿਰਸਾ ਨਾਲ ਸਬੰਧ ਹੋਣ ਬਾਰੇ ਭਿਣਕ ਪੈ ਗਈ, ਤਾਂ ਸੰਗਤਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਫੋਜਾ ਸਿੰਘ ਸਰਾਰੀ ਨੂੰ ਬੇਰੰਗ ਪਰਤਣਾ ਪਿਆ।
ਪਿਛਲੇ ਇਕ ਸਾਲ ਤੋਂ ਲਗਾਤਾਕ ਚੱਲ ਰਿਹਾ ਧਰਨਾ: ਬਹਿਬਲਕਲਾਂ ਗੋਲੀਕਾਂਡ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਵਿੱਢੇ ਇਨਸਾਫ ਮੋਰਚੇ ਨੂੰ ਅੱਜ ਇਕ ਸਾਲ ਪੂਰਾ ਹੋ ਚੁੱਕਾ ਹੈ। ਇਸ ਦੇ ਚੱਲਦੇ ਵੀਰਵਾਰ ਨੂੰ ਵੱਡਾ ਇੱਕਠ ਕੀਤਾ ਗਿਆ। ਕਿਸੇ ਵੀ ਸਰਕਾਰ ਵਲੋਂ ਇਨਸਾਫ ਨਾ ਦਿੱਤੇ ਜਾਣ ਦੇ ਚੱਲਦੇ ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਅੱਜ ਤਿੱਖਾ ਸੰਘਰਸ਼ ਉਲੀਕਿਆ ਗਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਬਣੀ ਸਰਕਾਰ ਵਲੋਂ ਕਈ ਵਾਰ ਟਾਈਮ ਲੈਣ ਦੇ ਬਾਵਜੂਦ ਕਿਸੇ ਸਿੱਟੇ ਉੱਤੇ ਨਾ ਪਹੁੰਚਣ ਤੋਂ ਵੀ ਸਿੱਖ ਸੰਗਤ ਖਫਾ ਹੈ।
ਇਹ ਸੀ ਮਾਮਲਾ : ਦਰਅਸਲ ਸਾਲ 2015 ਵਿਚ, ਫਰੀਦਕੋਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਖਿੰਡੇ ਪਾਏ ਜਾਣ ਤੋਂ ਬਾਅਦ ਕੋਟਕਪੂਰਾ ਵਿੱਚ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। 14 ਅਕਤੂਬਰ 2015 ਨੂੰ ਪੁਲਿਸ ਨੇ ਕੋਟਕਪੂਰਾ ਵਿੱਚ ਇੱਕ ਪ੍ਰਦਰਸ਼ਨਕਾਰੀ ਭੀੜ ਉੱਤੇ ਗੋਲੀਆਂ ਚਲਾਈਆਂ, ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ।
ਇਹ ਵੀ ਪੜ੍ਹੋ: 26 ਜਨਵਰੀ ਤੋਂ ਕਿਸਾਨ ਮੁੜ ਦਿੱਲੀ ਵਿੱਚ ਲਗਾਉਣਗੇ ਡੇਰੇ