ਫ਼ਰੀਦਕੋਟ: ਪੂਰੇ ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਅਖ਼ਬਾਰ ਅਤੇ ਟੀਵੀ ਚੈਨਲ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ, ਪਰ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿੱਚ ਸੂਬੇ ਦੀ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਫ਼ਰੀਦਕੋਟ ਤੋਂ, ਜਿੱਥੇ ਇੱਕ ਸੋਨੇ 'ਤੇ ਲੋਨ ਦੇਣ ਵਾਲੀ ਨਿਜੀ ਕੰਪਨੀ ਦੇ ਦਫ਼ਤਰ ਅੰਦਰ ਦਾਖਲ ਹੋ ਕੇ 3 ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।
ਗ਼ਨੀਮਤ ਰਹੀ ਕਿ ਕੰਪਨੀ ਦੇ ਦਲੇਰ ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਦੀ ਚਲਦੇ ਉਨ੍ਹਾਂ ਦਾ ਬਚਾਅ ਹੋ ਗਿਆ ਤੇ ਲੁਟੇਰਿਆਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਘਟਨਾ ਦੀ ਪੂਰੀ ਵਾਰਦਾਤ ਦਫ਼ਤਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮੰਨਾਪੁਰਮ ਗੋਲਡ ਲੋਨ ਕੰਪਨੀ ਦੇ ਮੈਨੇਜਰ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬ੍ਰਾਂਚ ਅੰਦਰ 3 ਨੌਜਵਾਨ ਦਾਖ਼ਲ ਹੋਏ, ਜਿਨਾਂ ਵਿਚੋਂ 2 ਕੋਲ ਪਸਤੌਲ ਸਨ ਅਤੇ ਉਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸੇ ਦੌਰਾਨ ਐਮਰਜੈਂਸੀ ਅਲਾਰਮ ਵਜਾਏ ਜਾਣ ਦੇ ਚਲਦੇ ਉਹ ਡਰ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਬਾਰੇ ਥਾਣਾ ਸਿਟੀ ਫ਼ਰੀਦਕੋਟ ਵਿਖੇ ਲਿਖ਼ਤ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਇਸ ਪੂਰੇ ਮਾਮਲੇ ਬਾਰੇ ਜਦੋਂ ਥਾਣਾ ਸਿਟੀ ਦੇ ਮੁੱਖ ਅਫ਼ਸਰ ਰਾਜਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟ ਨਾਕਾਮ ਕੋਸ਼ਿਸ਼ ਕੀਤੀ ਗਈ, ਪਰ ਐਮਰਜੈਂਸੀ ਅਲਾਰਮ ਵੱਜਣ 'ਤੇ ਉਹ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ 'ਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਕੈਪਟਨ ਨੇ ਘੇਰਿਆ ਇੰਗਲੈਂਡ ਦਾ ਮਸ਼ਹੂਰ ਐਕਟਰ ਲੌਰੇਂਸ ਫੌਕਸ, ਦਿੱਤੀ ਖਾਸ ਸਲਾਹ