ਫ਼ਰੀਦਕੋਟ : ਸ਼ਹਿਰ ਵਾਸੀਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਸ਼ਹਿਰ ਵਾਸੀਆਂ ਨੂੰ ਜਲਦ ਹੀ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇੱਕ ਸਮਾਜ ਸੇਵੀ ਡਾਕਟਰ, ਯੂਥ ਕਾਂਗਰਸ ਵਰਕਰਾਂ ਵੱਲੋਂ ਅਵਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਤੋਂ ਇਹ ਸਮੱਸਿਆ ਖ਼ਤਮ ਹੋ ਸਕੇ।
ਇਸ ਬਾਰੇ ਦੱਸਦੇ ਹੋਏ ਸਮਾਜ ਸੇਵੀ ਡਾਕਟਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਾਸੀ ਲੰਬੇ ਸਮੇਂ ਤੋਂ ਅਵਾਰਾ ਪਸ਼ੂਆਂ ਦੇ ਕਾਰਨ ਪਰੇਸ਼ਾਨ ਸਨ। ਸੜਕਾਂ ਉੱਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸੀਆਂ 'ਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਕਈ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਨੇ ਸ਼ਹਿਰ ਦੇ ਯੂਥ ਕਾਂਗਰਸ ਵਰਕਰਾਂ ਤੇ ਸਥਾਨ ਲੋਕਾਂ ਦੀ ਮੰਦਦ ਨਾਲ ਅਵਾਰਾ ਪਸ਼ੂਆਂ ਨੂੰ ਫੜ ਕੇ ਸਰਕਾਰੀ ਗਊਸ਼ਾਲਾ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਸਬੰਧੀ ਯੂਥ ਕਾਂਗਰਸ ਫ਼ਰੀਦਕੋਟ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਦੱਸਿਆ ਇਸ ਕੰਮ ਲਈ ਡਾ. ਬਲਜੀਤ ਸ਼ਰਮਾ, ਕੁੱਝ ਹੋਰਨਾਂ ਸਮਾਜ ਸੇਵੀ ਸੰਸਥਾਵਾ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਇਸ ਕੰਮ ਲਈ ਪੂਰਾ ਸਹਿਯੋਗ ਮਿਲ ਰਿਹਾ ਹੈ। ਸੁਖਚੈਨ ਨੇ ਦੱਸਿਆ ਕਿ ਤਕਰੀਬਨ ਪਿਛਲੇ 33 ਦਿਨਾਂ 'ਚ ਉਨ੍ਹਾਂ ਵੱਲੋਂ 650 ਦੇ ਕਰੀਬ ਪਸ਼ੂਆਂ ਨੂੰ ਕਾਬੂ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਹੈ। ਇਸ ਮੌਕੇ ਕਈ ਵਾਰ ਉਨ੍ਹਾਂ ਦੀ ਟੀਮ ਦੇ ਲੋਕਾਂ ਨੂੰ ਸੱਟ ਵੀ ਲੱਗ ਜਾਂਦੀ ਹੈ, ਪਰ ਫਿਰ ਉਨ੍ਹਾਂ ਦੀ ਟੀਮ ਇਸ ਕੰਮ 'ਚ ਲਗਾਤਾਰ ਜੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁਖ ਮਕਸਦ ਸ਼ਹਿਰ ਚੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੂਰ ਕਰਕੇ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਬਾਹਰਲੇ ਇਲਾਕਿਆਂ ਤੋਂ ਅਵਾਰਾ ਪਸ਼ੂਆਂ ਨੂੰ ਸ਼ਹਿਰ 'ਚ ਦਾਖਲ ਹੋਣ ਤੋਂ ਰੋਕਿਆ ਜਾਵੇ। ਇਸ ਤੋਂ ਇਲਾਵਾ ਜਿਹੜੇ ਲੋਕ ਪਸ਼ੂਆਂ ਨੂੰ ਪਹਿਲਾਂ ਪਾਲਦੇ ਹਨ ਤੇ ਬਾਅਦ 'ਚ ਛੱਡ ਦਿੰਦੇ ਹਨ, ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।