ਫ਼ਰੀਦਕੋਟ: ਬੀਤੇ ਦਿਨੀਂ ਫ਼ਰੀਦਕੋਟ ਦੇ ਪਿੰਡ ਟਹਿਣਾ ਦੇ ਇੰਡਸਇੰਡ ਬੈਂਕ 'ਚ 3 ਲੱਖ 43 ਹਜ਼ਾਰ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ 5 ਲੁਟੇਰਿਆਂ ਦਾ ਗਿਰੋਹ ਸੀ ਜਿਨ੍ਹਾਂ ਨੇ ਗੰਨ ਪੁਆਇੰਟ 'ਤੇ ਇਸ ਲੁੱਟ ਨੂੰ ਅੰਜ਼ਾਮ ਦਿੱਤਾ।
ਬੈਂਕ ਕਰਮਚਾਰੀ ਨੇ ਦੱਸਿਆ ਕਿ ਪਹਿਲਾਂ ਬੈਂਕ 'ਚ ਲੁਟੇਰਿਆਂ ਦਾ ਇੱਕ ਬੰਦਾ ਆਇਆ ਸੀ ਤੇ ਉਸ ਨੇ ਪੈਸਿਆਂ ਦੀ ਮੰਗ ਕੀਤੀ ਜਦੋਂ ਪੈਸਿਆਂ ਦੇ ਨਾ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਬਾਕੀ ਬੰਦਿਆਂ ਆ ਕੇ ਬੈਂਕ ਮਨੇਜਰ ਦੇ ਮੋਢੇ 'ਤੇ ਕਰਪਾਨ ਮਾਰੀ ਤੇ ਮੈਨੇਜਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਫਿਰ ਉਨ੍ਹਾਂ ਨੇ ਸਫਾਈ ਕਰਮਚਾਰੀ ਨਾਲ ਬਦਤਮੀਜ਼ੀ ਕੀਤੀ। ਇੱਕ ਲੁਟੇਰੇ ਨੇ ਬੈਂਕ ਦੀ ਮੈਡਮ ਤੋਂ ਪੈਸੇ ਮੰਗੇ। ਉਨ੍ਹਾਂ ਕਿਹਾ ਕਿ ਮੈਡਮ ਨੇ ਜਿਨ੍ਹਾਂ ਕੈਸ਼ ਸੀ ਉਹ ਸਾਰਾ ਹੀ ਦੇ ਦਿੱਤਾ, ਬਾਅਦ 'ਚ ਉਨ੍ਹਾਂ ਲੁਟੇਰਿਆਂ ਨੇ ਮੈਡਮ ਦੀ ਚੈਨ 'ਤੇ ਬੈਂਕ ਦੇ ਸਟਾਫ ਦੇ 3 ਫੋਨ ਲੈ ਲਏ।
ਇਸ ਦੌਰਾਨ ਉਨ੍ਹਾਂ ਲੁਟੇਰਿਆਂ ਨੇ ਬੈਂਕ ਸਟਾਫ ਨੂੰ ਬਾਥਰੂਮ 'ਚ ਬੰਦ ਕਰਕੇ ਬਾਹਰੋਂ ਬੈਂਕ ਦਾ ਸ਼ਟਰ ਲੱਗਾ ਦਿੱਤਾ। ਐਸ.ਪੀ ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਉੁਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਟਹਿਣਾ ਦੇ ਇੱਕ ਨਿੱਜੀ ਬੈਂਕ ਵਿੱਚ ਕੁਝ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦਾ ਜ਼ਾਇਜਾ ਲਿਆ ਤੇ ਜਾਂਚ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਬੈਂਕ ਦੇ ਅੰਦਰ ਵਾਲੇ ਤੇ ਬਾਹਰ ਸੜਕ 'ਤੇ ਲੱਗੇ ਕੈਮਰੇ ਦੀ ਸੀਸੀਟੀਵੀ ਫੁਟੇਜ਼ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ:ਅਦਾਲਤ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ 'ਚ ਅਗਲੀ ਸੁਣਵਾਈ 24 ਸਤੰਬਰ ਨੂੰ
ਉਨ੍ਹਾਂ ਦੱਸਿਆ ਕਿ ਬੈਂਕ 'ਚੋਂ 3 ਲੱਖ 43 ਹਜ਼ਾਰ ਦੀ ਨਕਦੀ ਸਣੇ 3 ਮੋਬਾਈਲ ਫੋਨ ਤੇ ਇੱਕ ਸੋਨੇ ਦੀ ਚੈਨ ਲੈ ਕੇ ਫਰਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ 5 ਲੁਟੇਰੇ ਸਨ ਜੋ ਕਿ ਹੋਂਡਾ ਸਿਟੀ ਕਾਰ 'ਚ ਆਏ ਸਨ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਲੁਟਰਿਆਂ ਨੂੰ ਗ੍ਰਿਫ਼ਤ 'ਚ ਲਿਆ ਜਾਵੇਗਾ।