ਫ਼ਰੀਦਕੋਟ: ਪਿਛਲੇ ਦਿਨੀਂ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਜਸਪਾਲ ਸਿੰਘ ਦੀ ਲਾਸ਼ ਦਾ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਨਹਿਰ 'ਚੋਂ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਉੱਥੇ ਹੀ ਅਣਪਛਾਤੀ ਲਾਸ਼ ਨੂੰ ਜਸਪਾਲ ਦੀ ਲਾਸ਼ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਿਸ ਕਰਕੇ ਪਰਿਵਾਰ ਵਾਲਿਆਂ ਨੇ ਲਾਸ਼ ਦਾ ਡੀਐੱਨਏ ਕਰਵਾਉਣ ਦਾ ਫ਼ੈਸਲਾ ਲਿਆ ਹੈ।
ਇਸ ਬਾਰੇ ਮ੍ਰਿਤਕ ਜਸਪਾਲ ਸਿੰਘ ਦੇ ਨਾਨਾ ਹੀਰਾ ਸਿੰਘ ਨੇ ਦੱਸਿਆ ਕਿ ਜੋ ਲਾਸ਼ ਮਿਲੀ ਹੈ, ਉਹ ਜਸਪਾਲ ਦੀ ਲਾਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚੇ ਬਾਰੇ ਉਸ ਦੀ ਮਾਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਤੇ ਜਸਪਾਲ ਦੀ ਮਾਂ ਨੇ ਵੀ ਲਾਸ਼ ਦੀ ਸ਼ਨਾਖ਼ਤ ਕੀਤੀ, ਤੇ ਇਹ ਲਾਸ਼ ਜਸਪਾਲ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਸਪਾਲ ਦੀ ਜੋ ਬਾਂਹ 'ਤੇ ਨਿਸ਼ਾਨ ਸੀ, ਉਹ ਨਿਸ਼ਾਨ ਵੀ ਲਾਸ਼ 'ਤੇ ਨਹੀਂ ਹੈ, ਤੇ ਲਾਸ਼ ਵੀ ਲਗਭਗ 30-35 ਸਾਲ ਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚੇ ਦੀ ਲਾਸ਼ ਦਾ DNA ਕਰਵਾ ਸਕਦੇ ਹਾਂ, ਹੋਰ ਕਿਸੇ ਲਾਸ਼ ਦਾ DNA ਕਿਵੇਂ ਕਰਵਾ ਲਈਏ।
ਉੱਥੇ ਹੀ ਐੱਸਐੱਸਪੀ ਰਾਜਬਚਨ ਨੇ ਦੱਸਿਆ ਕਿ ਲਾਸ਼ ਨੂੰ ਪਾਣੀ ਵਿੱਚ ਪਿਆ ਕਾਫ਼ੀ ਦਿਨ ਹੋ ਗਏ ਹਨ ਜਿਸ ਕਰਕੇ ਉਸ 'ਚ ਕਾਫ਼ੀ ਬਦਲਾਅ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਪਹਿਲੀ ਨਜ਼ਰ 'ਚ ਪਹਿਚਾਣ ਨਾ ਆਈ ਹੋਵੇ, ਇਸ ਲਈ ਅਸੀਂ ਲਾਸ਼ ਦਾ ਵਿਗਿਆਨਿਕ ਤਰੀਕੇ ਨਾਲ ਜਾਂਚ ਕਰਵਾ ਰਹੇ ਹਾਂ।