ਫ਼ਰੀਦਕੋਟ: ਉਸਦੀ ਆਵਾਜ਼ ਵਿੱਚ ਅਜਿਹਾ ਜਾਦੂ ਹੈ ਕਿ ਹਰ ਕੋਈ ਗੀਤ ਸੁਨਣ ਵਾਲਾ ਹੈਰਾਨ ਰਹਿ ਜਾਂਦਾ ਹੈ। ਅਸੀਂ ਕਿਸੇ ਵੱਡੇ ਗਾਇਕ ਦੀ ਗੱਲ ਨਹੀਂ ਕਰ ਰਹੇ, ਬਲਕਿ ਇਹ ਕਲਾ 14 ਸਾਲ ਦੀ ਕੁੜੀ ਨਵਪ੍ਰੀਤ ਕੌਰ ਹੈ। ਜੈਤੋ ਦੇ ਪਿੰਡ ਬਿਸ਼ਨੰਦੀ ਦੀ ਰਹਿਣ ਵਾਲੀ ਇਹ ਕੁੜੀ 10ਵੀਂ ਜਮਾਤ ਦੀ ਵਿਦਿਆਰਥਣ ਹੈ, ਜੋ ਕਿ ਆਪਣੀ ਆਵਾਜ਼ ਨਾਲ ਪ੍ਰੋਗਰਾਮ ਸਾਰੇਗਾਮਾਪਾ ਵਿੱਚ ਵੀ ਆਪਣਾ ਲੋਹਾ ਮਨਵਾ ਚੁੱਕੀ ਹੈ। ਇਸ ਦੌਰਾਨ ਉਸ ਨੇ ਆਪਣੇ ਪਿਤਾ ਵੱਲੋਂ ਲਿਖਿਆ ਗੀਤ ਵੀ ਗਾ ਕੇ ਸੁਣਾਇਆ।
ਨਵਪ੍ਰੀਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ, ਜਿਸ ਕਾਰਨ ਉਸ ਨੇ ਪਿੰਡ ਵਿੱਚ ਕਈ ਪ੍ਰੋਗਰਾਮਾਂ ਤੋਂ ਆਪਣੇ ਸ਼ੌਕ ਨੂੰ ਜਾਰੀ ਰੱਖਿਆ। ਇਸੇ ਗੀਤ ਗਾਉਣ ਦੇ ਸ਼ੌਕ ਨੇ ਉਸ ਨੂੰ 2017 ਵਿੱਚ ਸਾਰੇਗਾਮਾ ਪ੍ਰੋਗਰਾਮ ਵਿੱਚ ਹਿੱਸਾ ਦਿਵਾਇਆ। ਜਿਥੇ ਨਵਪ੍ਰੀਤ ਦੇ ਹੁਨਰ ਨੇ ਸ਼ੋਅ ਦੇ ਜੱਜ ਬਾਲੀਵੁੱਡ ਸਿੰਗਰ ਹਿਮੇਸ਼ ਰੇਸ਼ਮੀਆ ਨੂੰ ਅਜਿਹਾ ਮੋਹਿਆ ਕਿ ਉਨ੍ਹਾਂ ਉਸ ਨੂੰ ਗੁੱਟ 'ਤੇ ਬੰਨ੍ਹੀ ਘੜੀ ਗਿਫਟ ਵੱਜੋਂ ਦੇ ਦਿੱਤੀ।
ਨਵਪ੍ਰੀਤ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਈ ਸੂਫ਼ੀ ਪ੍ਰੋਗਰਾਮਾਂ ਵਿੱਚ ਵੀ ਐਵਾਰਡ ਪ੍ਰਾਪਤ ਕਰ ਚੁੱਕੀ ਹੈ। ਉਸ ਨੇ ਦੱਸਿਆ ਕਿ ਗਾਇਕੀ ਦਾ ਸ਼ੌਕ ਬਚਪਨ ਵਿੱਚ ਪਿਤਾ ਦੇ ਲਿਖੇ ਗੀਤਾਂ ਨਾਲ ਪੈਦਾ ਹੋਇਆ। ਉਹ ਦੇ ਉਸਦੀ ਭੈਣ ਦੋਵੇਂ ਪਿਤਾ ਦੇ ਲਿਖੇ ਗੀਤਾਂ ਨੂੰ ਗਾਉਂਦੀਆਂ ਸਨ। ਇਸ ਪਿੱਛੋਂ ਇਹ ਸਫ਼ਰ ਸਾਰੇਗਾਮਾ ਤੱਕ ਲੈ ਗਿਆ ਅਤੇ ਹੁਣ ਉਹ ਸਥਾਨਕ ਪ੍ਰੋਗਰਾਮ ਵਿੱਚ ਆਪਣਾ ਲੋਹਾ ਮਨਵਾ ਰਹੀ ਹੈ।