ਫ਼ਰੀਦਕੋਟ: ਜੇਕਰ ਇਨਸਾਨ ਆਪਣੇ ਮਨ ਵਿੱਚ ਕੁਝ ਕਰ ਗੁਜ਼ਰਨ ਦੀ ਠਾਣ ਲਵੇ ਤਾਂ ਫਿਰ ਉਸ ਨੂੰ ਕੋਈ ਵੀ ਔਕੜ ਰੋਕ ਨਹੀਂ ਸਕਦੀ। ਉਹ ਦੇਰ ਸਵੇਰ ਆਪਣੇ ਮੰਤਵ ਨੂੰ ਸਰ ਕਰਨ ਵਿਚ ਸਫਲਤਾ ਹਾਸਲ ਕਰ ਲੈਂਦਾ ਹੈ। ਅਜਿਹੇ ਹੀ ਇਕ ਕਿਸਾਨ ਨਾਲ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਝੌਨੇ ਕਣਕ ਦੀ ਰਿਵਾਇਤੀ ਖੇਤੀ ਤੋਂ ਹਟ ਆਪਣੇ ਖੇਤਾਂ ਵਿਚ ਇਕ ਅਜਿਹੇ ਫਲ ਦੀ ਕਾਸ਼ਤ ਸੁਰੂ ਕੀਤੀ ਹੈ ਜਿਸ ਨੂੰ ਵਿਦੇਸ਼ੀ ਫਲ ਵੀ ਕਿਹਾ ਜਾਂਦਾ ਹੈ।
ਟਰਾਇਲ ਲਈ ਸ਼ੁਰੂ ਖੇਤੀ ਕੀਤੀ ਦੇ ਰਹੀ ਮੁਨਾਫਾ: ਫ਼ਰੀਦਕੋਟ ਜਿਲ੍ਹੇ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਕਿਸਾਨ ਪ੍ਰਦੀਪ ਸਿੰਘ ਨੇ ਆਪਣੇ ਖੇਤ ਵਿੱਚ ਟਰਾਇਲ ਵਜੋਂ 5 ਕਨਾਲ ਜਮੀਨ ਵਿੱਚ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਤੋਂ ਉਹ ਪਹਿਲੇ ਸਾਲ ਹੀ ਹਫ਼ਤੇ ਦੇ ਹਜ਼ਾਰਾਂ ਰੁਪਏ ਕਮਾ ਰਿਹਾ ਹੈ। ਇਹੀ ਨਹੀਂ ਜਿੱਥੇ ਪ੍ਰਦੀਪ ਸਿੰਘ ਖੁਦ ਚੰਗਾ ਮੁਨਾਫਾ ਕਮਾ ਰਿਹਾ, ਉਥੇ ਹੀ ਉਸ ਨੇ 3 ਹੋਰ ਪਰਿਵਾਰਾਂ ਨੂੰ ਵੀ ਆਪਣੇ ਖੇਤ ਵਿੱਚ ਰੋਜ਼ਗਾਰ ਦਿੱਤਾ ਹੈ।
ਮੋਗਾ ਦੇ ਇਕ ਕਿਸਾਨ ਤੋਂ ਪ੍ਰੇਰਿਤ: ਗੱਲਬਾਤ ਕਰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਬਦਲਵੀਂ ਖੇਤੀ ਕਰਨ ਦਾ ਸ਼ੌਂਕ ਹੈ ਅਤੇ ਉਸ ਨੇ ਸਟ੍ਰਾਬੇਰੀ ਦੀ ਖੇਤੀ ਕਰਨ ਬਾਰੇ ਮਨ ਬਣਾਇਆ। ਉਸ ਨੇ ਦੱਸਿਆ ਕਿ ਉਹ ਮੋਗਾ ਦੇ ਇਕ ਕਿਸਾਨ ਨਾਲ ਸੰਪਰਕ ਕੀਤਾ, ਜੋ ਖੁਦ ਸਟ੍ਰਾਬੇਰੀ ਦੀ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਮੋਗਾ ਵਾਲੇ ਕਿਸਾਨ ਨੇ ਸਟ੍ਰਾਬੇਰੀ ਦੀ ਖੇਤੀ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਉਸੇ ਦੀ ਹੱਲਾਸ਼ੇਰੀ ਸਦਕਾ ਹੀ ਉਸ ਨੇ ਪੁਣੇ ਤੋਂ ਸਟ੍ਰਾਬੇਰੀ ਦੀ ਪਨੀਰੀ ਲਿਆ ਕੇ ਆਪਣੇ ਖੇਤ ਵਿਚ ਕਰੀਬ 5 ਕਨਾਲ ਵਿਚ ਬਿਜਾਈ ਕੀਤੀ ਸੀ ਜਿਸ ਤੋਂ ਉਸ ਨੂੰ ਹੁਣ ਹਫ਼ਤੇ ਵਿਚ ਕਰੀਬ 25000 ਰੁਪਏ ਆਮਦਨ ਹੋ ਰਹੀ ਹੈ। ਇਹ ਸੀਜਨ ਮਾਰਚ ਅਖੀਰ ਜਾਂ ਅਪ੍ਰੈਲ ਸ਼ੁਰੂ ਤੱਕ ਚੱਲੇਗਾ।
ਮੰਡੀਕਰਨ 'ਚ ਨਹੀਂ ਕੋਈ ਦਿੱਕਤ: ਉਸ ਨੇ ਦੱਸਿਆ ਕਿ ਇਸ ਦੀ ਮਾਰਕੀਟਿੰਗ ਵਿੱਚ ਵੀ ਉਸ ਨੂੰ ਕੋਈ ਦਿਕਤ ਨਹੀਂ ਆਉਂਦੀ। ਪ੍ਰਦੀਪ ਨੇ ਕਿਹਾ ਕਿ ਉਹ ਖੁਦ ਆਪਣੇ ਗੱਡੀ ਉੱਤੇ ਫ਼ਰੀਦਕੋਟ ਅਤੇ ਫਿਰੋਜ਼ਪੁਰ ਦੀਆਂ ਮੰਡੀਆ ਵਿੱਚ ਆਪਣੀ ਉਪਜ ਲੈ ਕੇ ਜਾਂਦਾ ਹੈ ਅਤੇ ਹੱਥੋ ਹੱਥ ਵਿਕ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸਾਂਭ ਸੰਭਾਲ 'ਤੇ ਕਾਫੀ ਮਿਹਨਤ ਆਉਂਦੀ ਹੈ। ਉਨ੍ਹਾਂ ਨੇ ਹੋਰ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਆਂ ਫਸਲਾਂ ਬੀਜਣ ਜਿਸ ਨਾਲ ਪੰਜਾਬ ਦਾ ਧਰਤੀ ਹੇਠਲਾਂ ਪਾਣੀ ਵੀ ਬਚਾਇਆ ਜਾ ਸਕਦਾ ਤੇ ਚੰਗਾ ਮੁਨਾਫਾ ਵੀ ਕਮਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੁਲਿਸ ਵੱਲੋਂ drink and driving ਸਬੰਧੀ ਜਾਰੀ ਨਵੇਂ ਆਦੇਸ਼ਾਂ ਨੇ ਛੇੜੀ ਨਵੀਂ ਚਰਚਾ
