ਚੰਡੀਗੜ: ਸੂਬਾ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਤੰਦਰੁਸਤ ਪੰਜਾਬ ਮਿਸ਼ਨ ਰਸਾਇਣਕ ਖਾਦਾਂ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਿੱਚ ਸਫਲ ਰਿਹਾ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਨੂੰ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਸੂਬੇ ਵਿੱਚ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਸ਼ਾਂ ਤੋਂ ਵੱਧ ਖਾਦਾਂ ਦੀ ਵਰਤੋਂ ਕਰ ਰਹੇ ਹਨ। ਇਸ ਲਈ ਇਹ ਮਾਮਲਾ ਪਿਛਲੀਆਂ ਤਿੰਨ ਫਸਲਾਂ ਦੌਰਾਨ ਤੰਦਰੁਸਤ ਪੰਜਾਬ ਮਿਸ਼ਨ ਹੇਠ ਪਹਿਲ ਦੇ ਆਧਾਰ ‘ਤੇ ਲਿਆ ਗਿਆ ਸੀ। ਨਤੀਜੇ ਵਜੋਂ, 2017 ਵਿੱਚ ਸਾਉਣੀ ਦੌਰਾਨ ਯੂਰੀਆ ਦੀ ਖਪਤ ਜੋ ਕਿ 15.43 ਲੱਖ ਟਨ ਸੀ, 2018 ਵਿੱਚ ਸਾਉਣੀ ਦੌਰਾਨ 86000 ਘੱਟ ਕੇ 14.57 ਲੱਖ ਟਨ ਰਹਿ ਗਈ।
2019 ਵਿੱਚ ਸਾਉਣੀ ਦੌਰਾਨ ਯੂਰੀਆ ਦੀ ਖਪਤ 82000 ਟਨ ਘਟ ਕੇ 13.75 ਲੱਖ ਟਨ ਹੀ ਰਹਿ ਗਈ। ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਦੇ ਦੋ ਸਾਲਾਂ ਦੇ ਅੰਦਰ-ਅੰਦਰ ਯੂਰੀਆ ਦੀ ਖਪਤ 168000 ਟਨ ਘਟ ਗਈ ਅਤੇ ਇਸ ਨਾਲ ਕਿਸਾਨਾਂ ਨੂੰ 100.80 ਕਰੋੜ ਰੁਪਏ ਦੀ ਬਚਤ ਹੋਈ ਹੈ। ਪੰਨੂੰ ਨੇ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ, ਝੋਨੇ ਦੀ ਫਸਲ ‘ਤੇ ਡਾਈਮੋਨਿਅਮ ਫਾਸਫੇਟ (ਡੀ.ਏ.ਪੀ.) ਵਰਤਣ ਦੀ ਲੋੜ ਨਹੀਂ ਹੈ ਕਿਉਂਕਿ ਕਿਸਾਨ ਕਣਕ ਦੀ ਫਸਲ ਵਿੱਚ ਪਹਿਲਾ ਹੀ ਡੀ.ਏ.ਪੀ. ਮਿਲਾ ਦਿੰਦੇ ਹਨ ਜਿਸ ਨਾਲ ਖੇਤ ਵਿੱਚ ਇੱਕ ਸਾਲ ਤੱਕ ਫਾਸਫੋਰਸ ਬਰਕਰਾਰ ਰਹਿੰਦਾ ਹੈ। ਫਿਰ ਵੀ ਪੰਜਾਬ ਦੇ ਕਿਸਾਨ ਅਣਜਾਣੇ ਵਿੱਚ ਅਤੇ ਬੇਲੋੜੇ ਹੀ ਝੋਨੇ ਦੀ ਫਸਲ ਵਿੱਚ ਡੀ.ਏ.ਪੀ. ਦੀ ਵਰਤੋਂ ਕਰ ਰਹੇ ਸਨ।
ਇਸ ਲਈ ਸਾਉਣੀ 2018 ਦੌਰਾਨ ਪਿੰਡਾਂ ਵਿੱਚ ਆਡੀਓ ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਅਤੇ ਕੈਂਪ ਲਗਾ ਕੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ। ਨਤੀਜੇ ਵਜੋਂ, ਡੀ.ਏ.ਪੀ. ਦੀ ਖਪਤ ਘੱਟ ਗਈ, ਇਸੇ ਤਰਾਂ ਸਾਉਣੀ, 2019 ਵਿਚ ਡੀ.ਏ.ਪੀ. ਦੀ ਖਪਤ ਵਿੱਚ ਵੀ ਕਮੀ ਕਮੀ ਆਈ। ਦੋ ਸੀਜ਼ਨਾਂ ਵਿੱਚ ਡੀਏਪੀ ਦੀ ਵਰਤੋਂ ਵਿੱਚ ਕੁੱਲ ਕਟੌਤੀ 79000 ਟਨ ਰਹੀ। ਯੂਰੀਆ ’ਤੇ 100.80 ਕਰੋੜ ਰੁਪਏ ਅਤੇ ਡੀ.ਏ.ਪੀ. ’ਤੇ 197.50 ਕਰੋੜ ਰੁਪਏ ਦੀ ਬਚਤ ਨਾਲ ਤੰਦਰੁਸਤ ਪੰਜਾਬ ਮਿਸ਼ਨ ਕਿਸਾਨਾਂ ਦੇ ਤਕਰੀਬਨ 300 ਕਰੋੜ ਰੁਪਏ ਬਚਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਸਫਲ ਰਿਹਾ ਹੈ।
ਪੰਨੂੰ ਨੇ ਕਿਹਾ ਕਿ ਖਾਦਾਂ ਦੀ ਵਰਤੋਂ ਵਿੱਚ ਕੀਤੀ ਗਈ ਕਟੌਤੀ ਤੋਂ ਇਲਾਵਾ ਖਾਦ ਮਿਲਾਉਣ ਵਾਲੇ ਕਾਮਿਆਂ ਦੀ ਬਚਤ ਵੀ ਕਿਸਾਨਾਂ ਨੂੰ ਹੋਈ ਹੈ। ਰਸਾਇਣਕ ਖਾਦਾਂ ਦੀ ਵਰਤੋਂ ਨੂੰ ਘਟਾਉਣ ਦੇ ਤਰੀਕਿਆਂ ਦਾ ਵੇਰਵਾ ਦਿੰਦਿਆਂ, ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਦੀ ਸਰਵੋਤਮ ਵਰਤੋਂ ਦੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰ ਛਪਵਾਏ ਗਏ ਹਨ ਅਤੇ ਇਫਕੋ ਦੁਆਰਾ ਇਲੈਕਟ੍ਰਾਨਿਕ ਮੀਡੀਆ ਮੁਹਿੰਮ ਚਲਾਈ ਗਈ।
ਇਸ ਤੋਂ ਇਲਾਵਾ, ਕਿਸਾਨਾਂ ਅਤੇ ਖਾਦਾਂ ਦੇ ਡੀਲਰਾਂ ਨਾਲ ਮਿਲ ਕੇ ਵੱਡੀ ਗਿਣਤੀ ਵਿਚ ਖੇਤਰੀ ਕੈਂਪ ਲਗਾਏ ਗਏ ਸਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਿਸਾਨ ਖਾਦ ਦੀ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਖਾਦ ਦੀ ਵਰਤੋਂ ਨਾ ਕਰਨ। ਇਸ ਤੋਂ ਇਲਾਵਾ, ਇਸ ਉਦੇਸ਼ ਦੀ ਪੂਰਤੀ ਲਈ ਟੀ.ਵੀ. ਅਤੇ ਰੇਡੀਓ ਟਾਕ ਕਰਵਾਏ ਗਏ। ਉਹਨਾਂ ਕਿਹਾ ਕਿ ਸਕੱਤਰ, ਖੇਤੀਬਾੜੀ ਵਿਭਾਗ ਵੱਲੋਂ ਖਾਦ ਕੰਪਨੀਆਂ ਅਤੇ ਖੇਤੀਬਾੜੀ ਵਿਭਾਗ ਦੇ ਜ਼ਿਲਾ ਮੁਖੀਆਂ ਨਾਲ ਇਸ ਮੁਹਿੰਮ ਦੀ ਨਿਗਰਾਨੀ ਲਈ ਸੂਬਾ ਪੱਧਰ ’ਤੇ ਮੀਟਿੰਗਾਂ ਵੀ ਕੀਤੀਆਂ ਗਈਆਂ।