ਫਰੀਦਕੋਟ: ਪੰਜਾਬ ਚ ਜਿੱਥੇ ਹਰ ਸਾਲ ਵਿਸਾਖੀ ਦਾ ਤਿਉਹਾਰ ਬੜੀਆ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਖਾਸ ਕਰ ਕਿਸਾਨ ਇਸ ਦਿਨ ਦਾ ਬੜੇ ਚਾਵਾਂ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਇਸ ਦਿਨ ਉਨ੍ਹਾਂ ਦੇ ਘਰਾਂ ਚ ਹਾੜੀ ਦੀ ਫਸਲ ਕਣਕ ਦੇ ਢੇਰ ਲਗਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਕਿਸਾਨ ਬੇਹੱਦ ਨਾਰਾਜ਼ ਤਾਂ ਦਿਖਾਈ ਦਿੱਤੇ। ਕਿਉਂਕਿ ਇਸ ਵਾਰ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਕਾਰਨ ਕਣਕ ਦੇ ਜਿੱਥੇ ਝਾੜ ਵਿੱਚ ਕਮੀ ਆਈ ਹੈ। ਉੱਥੇ ਹੀ ਕਣਕ ਦੇ ਦਾਣੇ ਵੀ ਖ਼ਰਾਬ ਹੋ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ।
ਉੱਥੇ ਹੀ ਮੰਡੀਆਂ ਚ ਕਿਸਾਨਾਂ ਦੀ ਫ਼ਸਲ ਖ਼ਰੀਦਣ ਤੋਂ ਐਫਸੀਆਈ ਵੱਲੋਂ ਵੀ ਮਨਾਹੀ ਕਰ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੇ ਚਿਹਰੇ ਹੋਰ ਮੁਰਝਾ ਗਏ ਸਨ ਵਿਸਾਖੀ ਦੇ ਦਿਹਾੜੇ ਤੇ ਜਦੋਂ ਸਾਡੀ ਟੀਮ ਨੇ ਫ਼ਰੀਦਕੋਟ ਦੇ ਪਿੰਡ ਅਰਾਈਆ ਵਾਲੇ ਚ ਇੱਕ ਕਿਸਾਨ ਦੇ ਖੇਤ ਚ ਜਾਕੇ ਇਹ ਹਕੀਕਤ ਜਾਣੀ ਤਾਂ ਕਣਕ ਦੀ ਕਟਾਈ ਕਰਵਾ ਰਹੇ ਕਿਸਾਨਾਂ ਨੇ ਆਪਣਾ ਦੁਖ ਜਾਹਿਰ ਕੀਤਾ।
ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਠੇਕੇ ’ਤੇ ਚਾਰ ਏਕੜ ਆਪਣੇ ਕਿਸੇ ਰਿਸ਼ਤੇਦਾਰ ਤੋਂ ਲਈ ਸੀ ਪਰ ਇਸ ਵਾਰ ਗਰਮੀ ਸਮੇਂ ਤੋਂ ਪਹਿਲਾਂ ਪੈਣ ਕਰਕੇ ਉਸਦੀ ਫ਼ਸਲ ਦਾ ਝਾੜ ਘੱਟ ਗਿਆ ਅਤੇ ਦਾਣਾ ਵੀ ਬਰੀਕ ਹੈ ਜਿਸ ਨਾਲ ਠੇਕਾ ਵੀ ਪੂਰਨ ਤੌਰ ’ਤੇ ਪੂਰਾ ਨਹੀਂ ਹੋ ਸਕਿਆ ਜਿਸ ਕਾਰਨ ਉਹ ਖੁਦਕੁਸ਼ੀ ਦੇ ਰਸਤੇ ਵੱਲ ਤੁਰ ਸਕਦੇ ਹਨ, ਕਿਉਂਕਿ ਐਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਜਿਸ ਤੋਂ ਉਹ ਦੁਖੀ ਹਨ ਕਿਉਂਕਿ ਸਰਕਾਰਾਂ ਵੀ ਮਦਦ ਨਹੀਂ ਕਰ ਰਹੀਆਂ ਅਤੇ ਉੱਤੋਂ ਰੱਬ ਵੀ ਉਨ੍ਹਾਂ ਦਾ ਦੁਸ਼ਮਣ ਬਣ ਚੁੱਕਾ ਹੈ।
ਉੱਥੇ ਹੀ ਫਰੀਦਕੋਟ ਦੇ ਉੱਘੇ ਸਮਾਜ ਸੇਵੀ ਅਤੇ ਕਿਸਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਰਕੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਪਿਆ ਅਤੇ ਉੱਥੇ ਹੀ ਮੰਡੀ ਵਿਚ ਕਣਕ ਦੀ ਵਿਕਰੀ ਰੋਗ ਲੱਗਣ ਕਰਕੇ ਸਰਕਾਰਾਂ ਤੋਂ ਦੁਖੀ ਹਨ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦੇ ਪਿੰਡ ਪਿਛਲੇ ਦਿਨੀਂ ਇਕ ਕਿਸਾਨ ਦੀ 12 ਏਕੜ ਦੇ ਨਜ਼ਦੀਕ ਫਸਲ ਸੜ ਕੇ ਸੁਆਹ ਹੋ ਗਈ ਸੀ, ਉਹ ਸਰਕਾਰ ਤੋਂ ਗੁਹਾਰ ਲਗਾਉਂਦੇ ਹਨ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ।
ਦੂਜੇ ਪਾਸੇ ਕੰਬਾਈਨ ਦੇ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਕਰਨ ਦੇ ਨਾਲ ਨਾਲ ਕੰਬਾਇਨ ਨਾਲ ਕਣਕ ਵੱਢਣ ਦਾ ਕੰਮ ਵੀ ਕਰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਦੇਖਣ ਅਨੁਸਾਰ ਕਣਕ ਦਾ ਝਾੜ ਪ੍ਰਤੀ ਏਕੜ 25 -30 ਮਣ ਨਿਕਲ ਰਿਹਾ ਹੈ ਜਿਸ ਨਾਲ ਉਨ੍ਹਾਂ ਦਾ ਖ਼ਰਚਾ ਵੀ ਪੂਰਾ ਨਹੀਂ ਹੋ ਰਿਹਾ ਹੈ ਕਿਉਂਕਿ ਇਸ ਵਾਰ ਡੀਜ਼ਲ ਦੇ ਰੇਟ ਜ਼ਿਆਦਾ ਹੋਣ ਕਰਕੇ ਉਨ੍ਹਾਂ ਦਾ ਖ਼ਰਚ ਪੂਰਾ ਨਹੀਂ ਹੋ ਰਿਹਾ।