ਫਰੀਦਕੋਟ: ਪਿੰਡਾਂ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਅੱਜ ਸਰਕਾਰ ਖਿਲਾਫ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਆਪਣੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਵਿੱਚ ਆਵਰਾ ਪਸ਼ੂਆਂ ਨੂੰ ਭਰ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਵੱਲ ਨੂੰ ਕੂਚ ਕੀਤਾ ਗਿਆ ਜਿਸ ਨੂੰ ਰਸਤੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ।
ਸਮੱਸਿਆ ਦੇ ਜਲਦ ਹੱਲ ਦਾ ਭਰੋਸਾ: ਮੌਕੇ ਉੱਤੇ ਪਹੁੰਚੇ ਨਾਇਬ ਤਹਿਸੀਲਦਾਰ ਵੱਲੋਂ ਕਿਸਾਨਾਂ ਤੋਂ ਉਹਨਾਂ ਦੀਆ ਮੰਗਾਂ ਸੰਬਧੀ ਮੰਗ ਪੱੱਤਰ ਲੈ ਕੇ ਸਮੱਸਿਆ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਕਾਦੀਆਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਕਿਸਾਨ ਅਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਹਨਾਂ ਦੱਸਿਆ ਕਿ ਅਵਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆ ਫਸਲਾਂ ਦਾ ਉਜਾੜਾ ਵਡੇ ਪੱਧਰ ਉੱਤੇ ਕੀਤਾ ਜਾ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾਂ ਪੈ ਰਿਹਾ।
ਪਸ਼ੂਆਂ ਕਾਰਨ ਹਾਦਸੇ: ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਹਮੇਸ਼ਾ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਰੋਜਾਨਾਂ ਕਈ ਲੋਕਾਂ ਨੂੰ ਜਾਨਾਂ ਵੀ ਗਵਾਉਣੀਆ ਪੈ ਰਹੀਆਂ ਹਨ। ਉਹਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦੀ ਭਲਾਈ ਲਈ ਲੋਕਾਂ ਤੋਂ ਕਰੋੜਾ ਰੁਪਏ ਸਲਾਨਾਂ ਗਊ ਸੈੱਸ ਵੀ ਵਸੂਲਿਆ ਜਾ ਰਿਹਾ ਪਰ ਉਹ ਗਊ ਸੈੱਸ ਖਰਚਿਆ ਕਿੱਥੇ ਜਾ ਰਿਹਾ ਇਸ ਦਾ ਕੋਈ ਪਤਾ ਨਹੀਂ ਕਿਉਕਿ ਗਊਆਂ ਤਾਂ ਅਵਾਰਾ ਘੁੰਮ ਰਹੀਆ ਹਨ ਅਤੇ ਲੋਕਾਂ ਦਾ ਜਾਨੀਮਾਲੀ ਨੁਕਸਾਨ ਕਰ ਰਹੀਆ ਹਨ।
ਇਹ ਵੀ ਪੜ੍ਹੋ: Farmers left stray animals in front of the DC office: ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਛੱਡੇ ਅਵਾਰਾ ਪਸ਼ੂ, ਦਿੱਤੀ ਵੱਡੀ ਚਿਤਾਵਨੀ
ਉਹਨਾਂ ਦੱਸਿਆ ਕਿ ਅੱਜ ਉਹ ਆਪਣੇ ਪਿੰਡਾਂ ਵਿੱਚੋਂ ਗਊਆਂ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਛੱਡਣ ਆਏ ਸਨ ਤਾਂ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਸ ਸਮੱਸਿਆ ਬਾਰੇ ਪਤਾ ਲੱਗ ਸਕੇ। ਪਰ ਇੱਥੇ ਜਿਲ੍ਹਾ ਪ੍ਰਸ਼ਾਸਨ ਵਲੋਂ ਉਹਨਾਂ ਦੀਆ ਮੰਗਾਂ ਸੰਬੰਧੀ ਮੰਗ ਪੱਤਰ ਲੈ ਕੇ ਮੰਗਾਂ ਜਲਦ ਮੰਨੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਇਹਨਾਂ ਆਵਾਰਾ ਪਸ਼ੂਆਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਨੇੜਲੇ ਗਊਸ਼ਾਲਾ ਵਿਚ ਛੱਡਿਆ ਜਾ ਰਿਹਾ। ਕਿਸਾਨਾਂ ਨੇ ਕਿਹਾ ਅੱਜ ਤਾਂ ਉਹਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ, ਪਰ ਜੇਕਰ ਸਰਕਾਰ ਨੇ ਜਲਦ ਅਵਾਰਾ ਗਊਆਂ ਅਤੇ ਕੁੱਤਿਆਂ ਦਾ ਕੋਈ ਸਹੀ ਅਤੇ ਸਾਰਥਿਕ ਹੱਲ ਨਾ ਕੀਤਾ ਤਾਂ ਬੀਕੇਯੂ ਕਾਦੀਆ ਵੱਲੋਂ ਪੰਜਾਬ ਭਰ ਤੋਂ ਅਵਾਰਾ ਪਸੂਆਂ ਅਤੇ ਕੁੱਤਿਆਂ ਨੂੰ ਫੜ੍ਹ ਕੇ ਚੰਡੀਗੜ੍ਹ ਵਿਖੇ ਛੱਡਿਆ ਜਾਵੇਗਾ ਅਤੇ ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।