ਫਰੀਦਕੋਟ: ਮਾੜੇ ਅਨਸਰ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕੋਈ ਨਾਂ ਕੋਈ ਜੁਗਾੜ ਲਗਾ ਕੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਵਿਚ ਘੱਟਾ ਪਾ ਮਾੜੇ ਕੰਮਾਂ ਨੂੰ ਲਗਾਤਾਰ ਅੰਜ਼ਾਮ ਦਿੰਦੇ ਆ ਰਹੇ ਹਨ ਅਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਵਿੱਚ ਜਿਥੇ ਪੁਲਿਸ ਨੇ ਇੱਕ ਅਜਿਹੇ ਜੁਗਾੜ ਦਾ ਪਰਦਾਫਾਸ਼ ਕੀਤਾ ਜਿਸ ਰਾਹੀਂ ਮਾੜੇ ਅਨਸਰ ਗਊ ਤਸਕਰੀ ਨੂੰ ਅੰਜ਼ਾਮ ਦੇ ਰਹੇ ਸਨ।
ਮਾਮਲਾ ਫਰੀਦਕੋਟ ਜ਼ਿਲ੍ਹੇ ਦੇ ਥਾਣਾ ਜੈਤੋ ਅਧੀਨ ਪੈਂਦੇ ਪਿੰਡ ਢੈਪਈ ਦਾ ਹੈ ਜਿੱਥੋਂ ਪੁਲਿਸ ਨੇ ਇੱਕ ਮੁਖਬਰ ਦੀ ਇਤਲਾਹ ’ਤੇ ਇਕ ਤੇਲ ਟੈਂਕਰ ਨੂੰ ਕਾਬੂ ਕਰ ਉਸ ਵਿਚ ਲੱਦ ਕੇ ਲਿਜਾਈਆਂ ਜਾ ਰਹੀਆਂ ਗਊਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਇਕ ਕਥਿਤ ਤਸਕਰ ਨੂੰ ਵੀ ਕਾਬੂ ਕੀਤਾ ਗਿਆ ਜਦੋਂ ਕਿ ਉਸ ਦੇ ਬਾਕੀ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ।
ਗੱਲਬਾਤ ਕਰਦਿਆਂ ਥਾਨਾ ਜੈਤੋ ਦੇ ਮੁੱਖ ਅਫਸਰ ਜਗਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਪਿੰਡ ਢੈਪਈ ਤੋਂ ਇੱਕ ਤੇਲ ਟੈਂਕਰ ਵਿਚ ਗਊਆਂ ਭਰ ਲਿਜਾਈਆਂ ਜਾ ਰਹੀਆਂ ਹਨ ਜਿਸ ਨੂੰ ਰੋਕ ਕੇ ਚੈੱਕ ਕਰਨ ’ਤੇ ਤੇਲ ਟੈਂਕਰ ਦੇ ਅੰਦਰੋਂ ਵੱਡੀ ਗਿਣਤੀ ਵਿਚ ਬੰਦ ਕੀਤੀਆਂ ਗਈਆਂ ਗਊਆਂ ਨੂੰ ਬਰਾਮਦ ਕਰ ਛੁਡਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ ਮੌਕਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸਦੇ 2 ਹੋਰ ਸਾਥੀਆਂ ਦੀ ਭਾਲ ਜਾਰੀ ਹੈ।
ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਅਜਿਹੇ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਿਵੇਂ ਹੀ ਉਨ੍ਹਾਂ ਨੂੰ ਇਤਲਾਹ ਮਿਲੀ ਉਨ੍ਹਾਂ ਵੱਲੋਂ ਫੌਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜ੍ਹੇ ਗਏ ਵਿਅਕਤੀ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਖਜਾਨੇ ਦੀ ਦੁਰਵਰਤੋਂ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਵਾਈਟ ਪੇਪਰ ਜਾਰੀ, ਵਿੱਤੀ ਸੰਕਟ ’ਤੇ ਕਹੀਆਂ ਇਹ ਗੱਲਾਂ...