ਫ਼ਰੀਦਕੋਟ: ਕਹਿੰਦੇ ਨੇ ਕਿ ਇਨਸਾਨ ਦੇ ਮਰ ਜਾਣ ਨਾਲੋਂ ਜਿਆਦਾ ਬੁਰਾ ਹੁੰਦਾ ਉਸ ਦੇ ਸੁਪਨਿਆ ਦਾ ਮਰ ਜਾਣਾ। ਅਜਿਹਾ ਹੀ ਹੋਇਆ ਫ਼ਰੀਦਕੋਟ ਦੇ ਉਭਰਦੇ ਨੌਜਵਾਨ ਹਾਕੀ ਖਿਡਾਰੀ ਆਦੇਸ਼ ਨਾਲ, ਆਦੇਸ਼ ਜਿਸ ਨੇ ਫ਼ਰੀਦਕੋਟ ਦੇ ਬਰਜਿੰਦਰਾ ਕਾਲਜ ਦੀ ਹਾਕੀ ਗਰਾਉਂਡ ਤੋਂ ਖੇਡਣਾ ਸੁਰੂ ਕੀਤਾ ਅਤੇ ਛੋਟੀ ਉਮਰੇ ਹੀ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਦੀ ਅੰਡਰ 14 ਹਾਕੀ ਟੀਮ ਦਾ ਹਿੱਸਾ ਬਣਿਆ। ਆਪਣੀ ਖੇਡ ਅਤੇ ਮਿਹਨਤ ਸਦਕਾ ਆਦੇਸ਼ ਜਲਦੀ ਹੀ ਜਲੰਧਰ ਸਪੋਰਟਸ ਸਕੂਲ ਦੀ ਅੰਡਰ 19 ਹਾਕੀ ਟੀਮ ਵਿਚ ਚੁਣਿਆ ਗਿਆ। ਪਰ, ਉਸ ਦਾ ਦੇਸ਼ ਦੀ ਹਾਕੀ ਟੀਮ ਵਿਚ ਖੇਡਣ ਦਾ ਸੁਪਨਾ ਮਹਿਜ਼ ਸੁਪਨਾ ਹੀ ਬਣ ਕੇ ਰਹਿ ਗਿਆ।
ਅੱਜ ਉਹੀ ਆਦੇਸ਼ ਫ਼ਰੀਦਕੋਟ ਦੇ ਇਕ ਟੈਂਟ ਹਾਊਸ ਦੀ ਦੁਕਾਨ ਉੱਤੇ ਮਜਦੂਰ ਵਜੋਂ ਕੰਮ ਕਰ ਕੇ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਦੇ ਨਾਲ-ਨਾਲ ਆਪਣੇ (Indian Hockey Team) ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਆਖਿਰ ਅਜਿਹਾ ਕੀ ਹੋਇਆ ਕਿ ਆਦੇਸ਼ ਇਕ ਚੰਗਾ ਖਿਡਾਰੀ ਬਣਨ ਦੀ ਬਜਾਏ ਮਜਦੂਰ ਬਣ ਗਿਆ?
ਹਾਕੀ ਵਿੱਚ ਜਿੱਤੇ ਕਈ ਮੈਡਲ: ਆਦੇਸ਼ ਨੇ ਦੱਸਿਆ ਕਿ ਉਸ ਨੇ ਸਕੂਲ ਪੱਧਰ 'ਤੇ ਬਰਜਿੰਦਰਾ ਕਾਲਜ ਫ਼ਰੀਦਕੋਟ ਦੀ ਹਾਕੀ ਗ੍ਰਾਉਂਡ ਤੋਂ ਹਾਕੀ ਕੋਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਹਾਕੀ ਖੇਡਣਾ ਸ਼ੁਰੂ ਕੀਤਾ ਸੀ ਅਤੇ ਕੋਚ ਦੇ ਦਿਸ਼ਾ ਨਿਰਦੇਸ਼ਾ ਅਤੇ ਆਪਣੀ ਮਿਹਨਤ ਸਦਕਾ ਉਸ ਦੀ ਚੋਣ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਦੀ ਅੰਡਰ -14 ਹਾਕੀ ਟੀਮ ਵਿੱਚ ਹੋ ਗਈ ਸੀ, ਜਿੱਥੇ ਉਹ ਕਰੀਬ 3 ਸਾਲ ਤੱਕ ਰਿਹਾ। ਇੱਥੇ ਉਸ ਨੇ ਹਾਕੀ ਦੀਆਂ ਬਾਰੀਕੀਆਂ ਸਿੱਖੀਆਂ, ਉੱਥੇ ਹੀ ਉਸ ਨੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਕਈ (Faridkot Hockey Player Aadesh) ਮੈਡਲ ਜਿੱਤੇ। ਆਦੇਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੀ ਚੋਣ ਸਪੋਰਟਸ ਸਕੂਲ ਜਲੰਧਰ ਦੀ ਅੰਡਰ 19 ਹਾਕੀ ਟੀਮ ਵਿੱਚ ਹੋਈ ਅਤੇ ਉਸ ਨੂੰ ਸਪੋਰਟਸ ਸਕੂਲ ਜਲੰਧਰ ਵਿੱਚ ਦਾਖ਼ਲਾ ਮਿਲ ਗਿਆ, ਜਿੱਥੇ ਕਰੀਬ 2 ਸਾਲ ਤੱਕ ਰਹਿ ਕੇ ਉਹ ਪੜ੍ਹਈ ਕਰ ਰਿਹਾ ਸੀ, ਉਥੇ ਹੀ ਨਾਲ ਨਾਲ ਆਪਣੀ ਖੇਡ ਨੂੰ ਵੀ ਹੋਰ ਪਰਪੱਕ ਕਰ ਰਿਹਾ ਸੀ। ਆਦੇਸ਼ ਨੇ ਦੱਸਿਆ ਕਿ ਉਹ ਅੰਡਰ 19 ਟੀਮ ਵਿਚ ਖੇਡਦਿਆਂ, ਮੋਗਾ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿਚ ਸਪੋਰਟਸ ਸਕੂਲ ਦੀ ਟੀਮ ਵਿੱਚ ਖੇਡਿਆ ਅਤੇ ਗੋਲਡ ਮੈਡਲ ਹਾਸਲ ਕੀਤਾ।
ਇਕ ਹਾਦਸਾ ਵਾਪਰਿਆ, ਜੋ ਸੁਪਨੇ ਤੋੜ ਗਿਆ: ਆਦੇਸ਼ ਦਾ ਕਹਿਣਾ ਕਿ ਉਸ ਦਾ ਸਪਨਾ ਸੀ ਕਿ ਉਹ ਇਕ ਦਿਨ ਭਾਰਤੀ ਟੀਮ ਵਿਚ ਖੇਡੇਗਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮੰਨਜੂਰ ਸੀ। ਆਦੇਸ਼ ਨੇ ਦੱਸਿਆ ਕਿ ਸਪੋਰਟਸ ਸਕੂਲ ਤੋਂ ਛੁੱਟੀਆਂ ਹੋਈਆਂ ਸਨ ਅਤੇ ਸਤੰਬਰ 2014 ਵਿਚ ਛੁੱਟੀਆਂ ਹੋਣ ਉੱਤੇ ਜਲੰਧਰ ਤੋਂ ਰੇਲ ਗੱਡੀ ਰਾਹੀਂ ਫ਼ਰੀਦਕੋਟ ਆਪਣੇ ਘਰ ਆ ਰਿਹਾ ਸੀ। ਟਰੇਨ ਵਿੱਚ ਭੀੜ ਕਾਫੀ ਜਿਆਦਾ ਸੀ ਅਤੇ ਉਹ ਟਰੇਨ ਦੇ ਦਰਵਾਜ਼ੇ ਕੋਲ ਖੜ੍ਹਾ ਸੀ, ਤਾਂ ਅਚਾਨਕ ਧੱਕਾ ਵੱਜਿਆ ਅਤੇ ਉਹ ਟਰੇਨ ਤੋਂ ਹੇਠਾਂ ਡਿੱਗ ਪਿਆ ਜਿਸ ਕਾਰਨ ਉਸ ਦੀ ਖੱਬੀ ਬਾਂਹ ਟਰੇਨ ਹੇਠ ਆਉਣ ਕਾਰਨ ਬੁਰੀ ਤਰਾਂ ਕੁਚਲੀ (Train Accident) ਗਈ। ਉਸ ਨੇ ਦੱਸਿਆ ਕਿ ਰੇਲਵੇ ਵਿਭਾਗ ਵਾਲੇ ਉਸ ਨੂੰ ਫਿਰੋਜ਼ਪੁਰ ਦੇ ਹਸਪਤਾਲ ਲੈ ਕੇ ਗਏ, ਪਰ ਉਨ੍ਹਾਂ ਨੇ ਜਵਾਬ ਦੇ ਦਿੱਤਾ, ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਬਾਂਹ ਕੱਟ ਦਿੱਤੀ ਅਤੇ ਉਹ ਸਦਾ ਲਈ ਅਪਾਹਿਜ ਹੋ ਗਿਆ।
ਮਕਾਨ ਗਹਿਣੇ ਰੱਖ ਕੇ ਇਲਾਜ ਕਰਵਾਇਆ: ਉਸ ਨੇ ਦੱਸਿਆ ਕਿ ਨਿੱਜੀ ਹਸਪਤਾਲ ਵਿਚ ਖ਼ਰਚਾ ਕਾਫੀ ਹੋਣ ਕਾਰਨ ਉਸ ਦੇ ਇਲਾਜ ਉੱਤੇ ਕਰੀਬ ਢਾਈ ਤਿੰਨ ਲੱਖ ਰੁਪਏ ਲੱਗ ਗਏ। ਆਦੇਸ਼ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਆਪਣਾਂ ਮਕਾਨ ਗਹਿਣੇ ਰੱਖ ਕੇ ਉਸ ਦਾ ਇਲਾਜ ਕਰਵਾਇਆ, ਪਰ ਨਾਂ ਤਾਂ ਸਪੋਰਟਸ ਸਕੂਲ ਅਤੇ ਨਾਂ ਹੀ ਸਰਕਾਰ ਨੇ ਉਸ ਦੀ ਕੋਈ ਮਦਦ ਕੀਤੀ। ਉਸ ਦਾ ਸੁਪਨਾ ਸੀ ਕਿ ਉਹ ਭਾਰਤੀ ਹਾਕੀ ਟੀਮ ਵਿਚ ਖੇਡ ਕੇ ਆਪਣੇ ਮਾਪਿਆਂ, ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇ, ਪਰ ਸਭ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ।
ਪੜਾਈ ਬੰਦ ਹੋਈ, ਸਰਕਾਰ ਤੋਂ ਮੰਗੀ ਮਦਦ: ਆਦੇਸ਼ ਨੇ ਦੱਸਿਆ ਕਿ ਕਰੀਬ 1 ਸਾਲ ਬਾਅਦ ਠੀਕ ਹੋਣ ਉੱਤੇ ਉਸ ਨੇ ਟੈਂਟ ਹਾਊਸ ਦੀ ਦੁਕਾਨ ਉੱਤੇ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਆਪਣਾ ਗਹਿਣੇ ਪਿਆ ਮਕਾਨ ਛੁੱਡਵਾਇਆ। ਕੁਝ ਕਰਜ਼ਾ ਉਤਾਰਿਆ ਅਤੇ ਕੁਝ ਹਾਲੇ ਉਤਾਰ ਰਿਹਾ ਹੈ। ਉਸ ਨੇ ਕਿਹਾ ਕਿ ਇਕ ਹੱਥ ਨਾਲ ਕੰਮ ਕਰਨ ਵਿੱਚ ਮੁਸ਼ਕਲਾਂ ਤਾਂ ਬਹੁਤ ਹਨ, ਪਰ ਉਹ ਕਰ ਵੀ ਕੀ ਸਕਦਾ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ, ਕਿਉਕਿ ਬਾਂਹ ਕੱਟੇ ਜਾਣ ਤੋਂ ਬਾਅਦ ਉਹ ਘਰ ਦੀ ਮਾੜੀ ਹਾਲਤ ਹੋਣ ਕਾਰਨ ਪੜ੍ਹਾਈ ਵੀ ਅੱਗੇ ਨਹੀਂ ਕਰ ਸਕਿਆ। ਹੁਣ ਜੇਕਰ ਸਰਕਾਰ ਉਸ ਨੂੰ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਨੌਕਰੀ ਦੇ ਦੇਵੇ ਤਾਂ ਉਸ ਦੀ ਜਿੰਦਗੀ ਸੁਖਾਲੀ ਹੋ ਸਕਦੀ ਹੈ।