ਫ਼ਰੀਦਕੋਟ: ਕਰੀਬ 4 ਦਿਨ ਪਹਿਲਾਂ ਪਏ ਮੀਂਹ ਦਾ ਪਾਣੀ ਝੋਨੇ ਦੀ ਪੱਕੀ ਫ਼ਸਲ ਵਿੱਚ ਖੜ੍ਹੇ ਹੋਣ ਦੇ ਚੱਲਦਿਆਂ ਪਿੰਡ ਡੋਡ ਦੇ ਲੋਕਾਂ ਲਈ ਜੀ ਦਾ ਜੰਜਾਲ ਬਣਿਆ ਹੋਇਆ ਹੈ। ਕਿਸਾਨਾਂ ਵੱਲੋਂ ਪਾਣੀ ਦੇ ਨਿਕਾਸ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਆਪਣੀ ਫ਼ਸਲ ਦੇ ਨੁਕਸਾਨ ਲਈ ਡਰੇਨੇਜ਼ ਵਿਭਾਗ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦੁਖੀ ਹੋਏ ਕਿਸਾਨਾਂ ਵੱਲੋਂ ਪਿੰਡ ਡੋਡ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਹਰ ਸਾਲ ਹੀ ਬਰਸਾਤ ਨਾਲ ਫ਼ਰੀਦਕੋਟ ਦੇ ਪਿੰਡਾਂ ਦੀਆਂ ਫ਼ਸਲਾਂ ਬਰਸਾਤੀ ਪਾਣੀ ਭਰ ਜਾਣ ਨਾਲ ਕਾਫੀ ਹੱਦ ਤੱਕ ਖ਼ਰਾਬ ਹੋ ਜਾਂਦੀਆਂ ਹਨ। ਇਸ ਵਾਰ ਵੀ ਲਗਾਤਾਰ ਮੀਂਹ ਪੈਣ ਨਾਲ ਜ਼ਿਲ੍ਹੇ ਦੇ ਕਰੀਬ 7 ਪਿੰਡਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ। ਬਰਸਾਤ ਦੇ ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਨੂੰ ਤਬਾਹ ਕੀਤਾ ਹੈ। ਉੱਥੇ ਹੀ ਕਿਸਾਨਾਂ ਦੀ ਪਸ਼ੂਆਂ ਲਈ ਹਰੇ ਚਾਰੇ ਦੀ ਫ਼ਸਲ ਦੇ ਨਾਲ-ਨਾਲ ਖੇਤਾਂ ਵਿੱਚ ਸਟੋਰ ਕੀਤੀ ਹੋਈ ਤੂੜੀ ਵੀ ਖ਼ਰਾਬ ਹੋ ਗਈ ਹੈ। ਇਸ ਕਾਰਨ ਕਿਸਾਨਾਂ ਦੇ ਵੱਡੇ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਦੂਜੇ ਪਾਸੇ ਕਿਸਾਨ ਆਪਣੀਆਂ ਫ਼ਸਲਾਂ ਦੀ ਬਰਬਾਦੀ ਲਈ ਡਰੇਨੇਜ਼ ਵਿਭਾਗ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਬਾਰੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਤੇ ਪਿੰਡ ਵਿੱਚੋਂ ਲੰਘਦੇ ਸੇਮ ਨਾਲੇ ਦੀ ਵਿਭਾਗ ਵੱਲੋਂ ਸਫ਼ਾਈ ਨਹੀਂ ਕਰਵਾਈ ਗਈ। ਇਸ ਕਾਰਨ ਸੇਮ ਨਾਲੇ ਵਿੱਚ ਪਾਣੀ ਦਾ ਪੱਧਰ ਉੱਤੇ ਹੋਣ ਕਾਰਨ ਓਵਰਫਲੋਅ ਹੋ ਕੇ ਪਾਣੀ ਵਾਪਸ ਕਿਸਾਨਾਂ ਦੇ ਖੇਤਾਂ ਤੇ ਘਰਾਂ ਵਿੱਚ ਵੜ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਇਸ ਮੌਕੇ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸਡੀਐਮ ਪੂਨਮ ਸਿੰਘ ਸਮੇਤ ਤਹਿਸੀਲਦਾਰ ਮੌਕੇ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਭਰੇ ਪਾਣੀ ਦੇ ਨਿਕਾਸ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਆਦੇਸ਼ ਦਿੱਤੇ ਤੇ ਛੇਤੀ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ। ਪੂਨਮ ਸਿੰਘ ਨੇ ਕਿਹਾ ਕਿ ਛੇਤੀ ਹੀ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਤੇ ਮੁੜ ਅਜਿਹੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।