ਫ਼ਰੀਦਕੋਟ: ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਚੇਅਰਮੈਨ PRTC ਪੰਜਾਬ ਅਵਤਾਰ ਸਿੰਘ ਬਰਾੜ ਸੀਨੀਅਰ ਅਕਾਲੀ ਆਗੂ ਦੀ ਯਾਦ ਵਿੱਚ ਬਣੀ ਵੈਲਫੇਅਰ ਸੁਸਾਇਟੀ ਵੱਲੋਂ 5000 ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੇ ਤਹਿਤ ਅਵਤਾਰ ਸਿੰਘ ਦੇ ਸਪੁੱਤਰ ਨਵਦੀਪ ਸਿੰਘ ਬੱਬੂ ਬਰਾੜ ਵਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਪੌਦੇ ਲਗਾਏ ਜਾ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਨਵਦੀਪ ਸਿੰਘ ਬੱਬੂ ਬਰਾੜ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਬਰਾੜ ਦੀ ਯਾਦ ਵਿੱਚ ਅਵਤਾਰ ਸਿੰਘ ਬਰਾੜ ਵੈਲਫੇਅਰ ਸੁਸਾਇਟੀ ਨੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਸੁੱਧਤਾ ਲਈ 5000 ਪੌਦੇ ਵੱਖ ਵੱਖ ਪਿੰਡਾਂ ਵਿੱਚ ਲਗਾਉਣ ਦਾ ਟੀਚਾ ਮਿਥਿਆ ਹੈ, ਜਿਸ ਵਿੱਚੋਂ ਕਰੀਬ 4000 ਪੌਦੇ ਉਹ ਵੱਖ ਵੱਖ ਪਿੰਡਾਂ ਵਿੱਚ ਲਗਵਾ ਚੁੱਕੇ ਹਨ।
ਬੱਬੂ ਬਰਾੜ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿਤਾ ਦੀ ਜਨਮ ਭੂਮੀ ਪਿੰਡ ਘਣੀਏਵਾਲਾ ਵਿੱਚ ਵੀ 200 ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਨੂੰ ਸਿਰਫ ਲਗਾਇਆ ਹੀ ਨਹੀਂ ਜਾਵੇਗਾ ਸਗੋਂ ਇਨ੍ਹਾਂ ਦੀ ਸਾਂਭ ਸੰਭਾਲ ਵੀ ਸੁਸਾਇਟੀ ਵਲੋਂ ਕੀਤੀ ਜਾਵੇਗੀ।