ਫ਼ਰੀਦਕੋਟ: ਹਰ ਇੱਕ ਮਾਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸਦੇ ਪੁੱਤਰ ਦੇ ਸਿਰ 'ਤੇ ਸਿਹਰਾ ਸਜੇ, ਪਰ ਜਦੋਂ ਉਹ ਸੁਪਨਾ ਟੁੱਟਦਾ ਹੈ ਤਾਂ ਮਾਂ 'ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ। ਅਜਿਹਾ ਹੀ ਹੋਇਆ ਹੈ ਫਰੀਦਕੋਟ ਦੀ ਬਲਬੀਰ ਬਸਤੀ ਵਿੱਚ ਰਹਿੰਦੀ ਇੱਕ ਮਾਂ ਨਾਲ, ਜਿਸ ਦੇ 28 ਸਾਲਾ ਪੁੱਤਰ ਗੁਰਸ਼ਰਨ ਸਿੰਘ ਨੇ ਰਾਂਚੀ (ਛੱਤੀਸਗੜ੍ਹ) ਵਿਖੇ ਆਤਮ ਹੱਤਿਆ ਕਰ ਲਈ ਹੈ। ਆਪਣੇ ਕੌਮੀ ਹਾਕੀ ਖਿਡਾਰੀ ਪੁੱਤਰ ਦੀ ਆਤਮ ਹੱਤਿਆ ਦੀ ਸੂਚਨਾ ਨਾਲ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਉਥੇ ਹੀ ਪਿਤਾ ਦਾ ਦਿਲ ਆਤਮ ਹੱਤਿਆ ਨੂੰ ਮੰਨਣ ਲਈ ਤਿਆਰ ਨਹੀਂ ਹੈ।
ਗੁਰਸ਼ਰਨ ਦੀ ਖੁਦਕੁਸ਼ੀ ਦੀ ਸੂਚਨਾ ਮਿਲਣ 'ਤੇ ਇਕੱਠੇ ਹੋਏ ਰਿਸ਼ਤੇਦਾਰਾਂ ਨੂੰ ਘਟਨਾ ਪਿੱਛੇ ਕੁੱਝ ਹੋਰ ਕਾਰਨ ਲੱਗ ਰਿਹਾ ਹੈ ਅਤੇ ਉਹ ਰਾਂਚੀ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਸ਼ਹਿਰ ਦੇ ਬਲਬੀਰ ਬਸਤੀ ਨਿਵਾਸੀ ਨੈਸ਼ਨਲ ਹਾਕੀ ਖਿਡਾਰੀ ਗੁਰਸ਼ਰਨ ਸਿੰਘ ਨੇ ਸੋਮਵਾਰ ਦੀ ਦੇਰ ਰਾਤ ਛੱਤੀਸਗੜ੍ਹ ਦੀ ਰਾਜਧਾਨੀ ਰਾਂਚੀ ਦੇ ਏਜੀ ਕਾਲੋਨੀ ਵਿੱਚ ਆਪਣੇ ਕੁਆਟਰ ਵਿੱਚ ਖੁਦਕੁਸ਼ੀ ਕਰ ਲਈ ਸੀ, ਜਿਸ ਦਾ ਸ਼ੁੱਕਰਵਾਰ ਨੂੰ ਅੰਤਮ ਸਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਗੁਰਸ਼ਰਨ ਦੇ ਭਰਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਨੇ ਨਵੰਬਰ 2017 ਵਿੱਚ ਰਾਂਚੀ ਵਿੱਚ ਏਜੀ ਆਫਿਸ ਵਿੱਚ ਅਕਾਊਟੈਂਟ ਦੀ ਪੋਸਟ 'ਤੇ ਸੀ ਅਤੇ ਦੋ ਸਾਲ ਪਹਿਲਾਂ ਉਸ ਦਾ ਪ੍ਰਮੋਸ਼ਨ ਹੋਣ 'ਤੇ ਉਹ ਸੀਨੀਅਰ ਅਕਾਊਟੈਂਟ ਬਣ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਗੁਰਸ਼ਰਨ ਫਰੀਦਕੋਟ ਛੁੱਟੀ 'ਤੇ ਆਇਆ ਸੀ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਲੌਕਡਾਉਨ ਲੱਗ ਗਿਆ। ਇੱਥੇ ਤਿੰਨ ਮਹੀਨੇ ਰਹਿਣ ਦੇ ਬਾਅਦ ਉਹ 8 ਜੁਲਾਈ ਨੂੰ ਰਾਂਚੀ ਵਾਪਸ ਗਿਆ ਸੀ। ਘਟਨਾ ਵਾਲੇ ਦਿਨ ਸੋਮਵਾਰ ਨੂੰ ਦਿਨ ਵਿੱਚ ਗੁਰਸ਼ਰਨ ਦੀ ਉਨ੍ਹਾਂ ਨਾਲ ਗੱਲ ਹੋਈ ਸੀ, ਉਹ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਵਿਖਾਈ ਦੇ ਰਿਹਾ ਸੀ, ਉਹ ਲੋਕ ਸਮਝ ਨਹੀਂ ਪਾ ਰਹੇ ਹੈ ਕਿ ਉਸਨੇ ਆਤਮਹੱਤਿਆ ਕਿਉਂ ਕੀਤੀ?
ਉਨ੍ਹਾਂ ਨੇ ਦੱਸਿਆ ਕਿ ਗੁਰਸ਼ਰਮ ਹਾਕੀ ਵਿੱਚ ਸਟੇਟ ਫਾਰਵਰਡ ਖੇਡਦਾ ਸੀ, ਉਹ ਬਹੁਤ ਵਧੀਆ ਖਿਡਾਰੀ ਸੀ ਅਤੇ ਨੈਸ਼ਨਲ ਪੱਧਰ 'ਤੇ ਚਾਰ ਵਾਰ ਖੇਡ ਚੁੱਕਿਆ ਸੀ ਅਤੇ ਉਸਦੀ ਨੌਕਰੀ ਵੀ ਸਪੋਰਟਸ ਦੀ ਵਜ੍ਹਾ ਮਿਲੀ ਸੀ।