ਫਰੀਦਕੋਟ: ਕਸਬਾ ਗੋਲੇਵਾਲਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗੀ ਕਰਕੇ ਕਰੀਬ 4 ਪਿੰਡਾਂ ਦੇ ਕਿਸਾਨਾਂ ਦੀਆਂ ਜਮੀਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਖੇਤਾਂ ਵਿੱਚ ਖੜ੍ਹਾ ਕਣਕ ਦੀ ਨਾੜ ਅਤੇ ਤੂੜੀ ਸੜ ਕੇ ਸਵਾਹ ਹੋ ਗਈ। ਇਸ ਅੱਗ ਦੀ ਚਪੇਟ ਵਿੱਚ ਕੁੱਝ ਕਿਸਾਨਾਂ ਦੀ ਕਣਕ ਦੀ ਫਸਲ ਆਉਣ ਦੀ ਗੱਲ ਕਹੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆ ਨੇ ਦੱਸਿਆ ਕਿ ਅੱਗ ਕਾਰਨ ਕਰੀਬ 4 ਪਿੰਡਾਂ ਦੀ ਸੈਂਕੜੇ ਏਕੜ ਕਣਕ ਦਾ ਨਾੜ ਅਤੇ ਵੱਡੀ ਮਾਤਰਾ ਵਿੱਚ ਕਿਸਾਨਾਂ ਦੀ ਖੇਤਾਂ ਵਿੱਚ ਪਈ ਤੂੜੀ ਸੜ ਕੇ ਸੁਆਹ ਹੋ ਗਈ ਹੈ। ਕਿਸਾਨਾਂ ਨੇ ਦੱਸਿਆਂ ਕਿ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਕਿਸਾਨਾਂ ਨੇ ਦੱਸਿਆ ਕਿ ਅੱਗ ਕਾਰਨ ਜਿਆਦਾਤਰ ਕਣਕ ਦਾ ਨਾੜ ਜਿਸ ਦੀ ਤੂੜੀ ਬਣਾਈ ਜਾਣੀ ਸੀ ਅੱਗ ਦੀ ਲਪੇਟ ਵਿੱਚ ਆਇਆ ਅਤੇ ਥੋੜੀ ਬਹੁਤੀ ਕਣਕ ਵੀ ਅੱਗ ਦੀ ਲਪੇਟ ਵਿੱਚ ਆ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਮੌਕੇ 'ਤੇ ਪਹੁੰਚੇ ਚੌਕੀ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਗੋਲੇਵਾਲਾ ਦੇ ਨਾਲ ਲਗਦੇ ਕਰੀਬ 4 ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦਾ ਕਾਰਨ ਪਤਾ ਲਗਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਰੀਬ 500 ਏਕੜ ਕਣਕ ਦਾ ਨਾੜ ਅਤੇ ਤੂੜੀ ਸੜ ਕੇ ਸੁਆਹ ਹੋ ਗਏ ਹਨ, ਜਦੋਕਿ ਕੁੱਝ ਕਿਸਾਨਾਂ ਦੀ ਕਣਕ ਵੀ ਅੱਗ ਦੀ ਲਪੇਟ ਵਿੱਚ ਆਉਣ ਦਾ ਖਦਸਾ ਹੈ, ਜਿਸ ਦਾ ਬਾਅਦ ਜਾਂਚ ਪਤਾ ਲੱਗ ਸਕੇਗਾ।