ਫ਼ਰੀਦਕੋਟ: ਬਾਜੀਗਰ ਬਸਤੀ ਦੇ ਰਹਿਣ ਵਾਲਾ ਨੌਜਵਾਨ ਹਰਪ੍ਰੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਉਸ ਦੀ ਲਾਸ਼ ਫ਼ਰੀਦਕੋਟ ਦੇ ਨਜ਼ਦੀਕੀ ਪਿੰਡ ਭੰਗੇਵਾਲਾ ਨਜ਼ਦੀਕ ਨਹਿਰ ਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਪੁਲਿਸ ਵਲੋਂ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ, ਮ੍ਰਿਤਕ ਦੇ ਪਰਿਵਾਰ ਵੱਲੋਂ ਹਰਪ੍ਰੀਤ ਦੇ ਸਾਥੀਆਂ ਉੱਤੇ ਉਸ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟਣ ਦੇ ਇਲਜ਼ਾਮ ਲਗਾਏ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਨੇ ਦੋਸਤਾਂ ਉੱਤੇ ਲਾਏ ਕਤਲ ਦੇ ਇਲਜ਼ਾਮ: ਇਸ ਸਬੰਧ ਵਿੱਚ ਮ੍ਰਿਤਕ ਹਰਪ੍ਰੀਤ ਦੀ ਭੈਣ, ਪਿਤਾ ਅਤੇ ਚਾਚੇ ਨੇ ਕਿਹਾ ਕਿ ਦੋ ਦਿਨ ਪਹਿਲਾਂ ਹਰਪ੍ਰੀਤ ਦੇ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਅਤੇ ਕੁੱਝ ਹੀ ਦੇਰ ਵਿੱਚ ਵਾਪਿਸ ਆਉਣ ਦਾ ਕਹਿ ਕੇ ਹਰਪ੍ਰੀਤ ਸਿੰਘ ਹੈਪੀ ਉਨ੍ਹਾਂ ਨਾਲ ਚਲਾ ਗਿਆ। ਪਰ, ਜਦੋ ਸ਼ਾਮ ਤੱਕ ਹਰਪ੍ਰੀਤ ਘਰ ਵਾਪਿਸ ਨਾ ਆਇਆ, ਤਾਂ ਉਸ ਦੀ ਤਲਾਸ਼ ਕਰਨੀ ਸ਼ੁਰੂ ਕੀਤੀ। ਜਿਨ੍ਹਾਂ ਦੋਸਤਾਂ ਨਾਲ ਉਹ ਗਿਆ ਸੀ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ, ਤਾਂ ਉਹ ਟਾਲ ਮਟੋਲ ਕਰਦੇ ਨਜ਼ਰ ਆਏ। ਦੋਸਤ ਪਰਿਵਾਰ ਨੂੰ ਲੈ ਕੇ ਆਸੇ-ਪਾਸੇ ਘੁੰਮਦੇ ਰਹੇ। ਪਰਿਵਾਰ ਨੇ ਇਲਜ਼ਾਮ ਲਗਾਏ ਕਿ ਹਰਪ੍ਰੀਤ ਦੇ ਦੋਸਤਾਂ ਵੱਲੋਂ ਹੀ ਉਸ ਨੂੰ ਮਾਰ ਕੇ ਨਹਿਰ ਵਿੱਚ ਸੁੱਟਿਆ ਗਿਆ ਹੈ। ਉਨ੍ਹਾਂ ਖਿਲਾਫ ਕਰਵਾਈ ਹੋਣੀ ਚਾਹੀਦੀ ਹੈ।
ਮ੍ਰਿਤਕ ਦੀ ਭੈਣ ਨਿਸ਼ਾ ਅਤੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਹੈਪੀ ਦਾ ਮੋਬਾਈਲ ਫੋਨ ਵੀ ਦੋਸਤਾਂ ਕੋਲੋਂ ਬਰਾਮਦ ਹੋਇਆ ਹੈ। ਉਨ੍ਹਾਂ ਇਲਜ਼ਾਮ ਲਾਏ ਕਿ ਦੋਸਤਾਂ ਨੇ ਮੋਬਾਈਲ ਚੋਂ ਸਿਮ ਕੱਢ ਕੇ, ਆਪਣੇ ਸਿਮ ਚਲਾ ਰਹੇ ਸੀ। ਦੋਹਾਂ ਨੇ ਮ੍ਰਿਤਕ ਹਰਪ੍ਰੀਤ ਲਈ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਕਤਲ ਵਜੋਂ ਵੀ ਜਾਂਚ ਕਰਨ ਦੀ ਗੱਲ ਕਹੀ ਹੈ।
ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਕਾਰਵਾਈ: ਇਸ ਮੌਕੇ ਜਾਂਚ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਭੰਗੇਵਾਲਾ ਕੋਲੋਂ ਨਹਿਰ ਵਿੱਚੋਂ ਮਿਲੀ ਹੈ। ਉਹ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ। ਫਿਲਹਾਲ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਵੇਗੀ।