ਬਰਨਾਲਾ: ਫ਼ਰੀਦਕੋਟ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਮਹਿਲਾ ਡਾਕਟਰ ਨੂੰ ਕਥਿਤ ਤੌਰ 'ਤੇ ਵਿਭਾਗ ਦੇ ਅਧਿਕਾਰੀ ਵਲੋਂ ਕੀਤੇ ਗਏ ਸਰੀਰਕ ਸ਼ੋਸ਼ਣ ਦੇ ਰੋਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਡੀਸੀ ਦਫ਼ਤਰ ਬਰਨਾਲਾ ਦੇ ਸਾਹਮਣੇ ਧਰਨਾ ਦਿੱਤਾ ਗਿਆ। ਪੀੜਤ ਡਾਕਟਰ ਵਲੋਂ ਕੀਤੀ ਗਈ ਸ਼ਿਕਾਇਤ ਦੇ ਢਾਈ ਮਹੀਨੇ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਬੀਕੇਯੂ ਉਗਰਾਹਾਂ ਵਲੋਂ ਪੰਜਾਬ ਭਰ 'ਚ ਇਸਦੇ ਖਿਲਾਫ਼ ਡੀਸੀ ਦਫ਼ਤਰਾਂ ਅੱਗੇ ਧਰਨਾ ਦੇ ਕੇ ਰੋਸ ਜਤਾਇਆ ਜਾ ਰਿਹਾ ਹੈ।
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਔਰਤਾਂ 'ਤੇ ਹਮਲੇ ਅਤੇ ਬਲਾਤਕਾਰ ਦੀਆਂ ਘਟਨਾਵਾਂ ਜਾਰੀ ਹਨ। ਅਜਿਹੀ ਹੀ ਇਕ ਘਟਨਾ ਫ਼ਰੀਦਕੋਟ ਯੂਨੀਵਰਸਿਟੀ ਦੀ ਇਕ ਮਹਿਲਾ ਡਾਕਟਰ ਨਾਲ ਵਾਪਰੀ ਹੈ ਅਤੇ ਉਸ ਯੂਨੀਵਰਸਿਟੀ ਦਾ ਮੁਖ਼ੀ ਲੰਬੇ ਸਮੇਂ ਪੀੜਤਾ ਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਹੈ। ਜਦੋਂ ਉਸ ਪੀੜਤ ਡਾਕਟਰ ਵਲੋਂ ਇਸਦੇ ਵਿਰੁੱਧ ਆਵਾਜ਼ ਉਠਾਈ ਗਈ ਤਾਂ ਉਸਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਪਿਛਲੇ ਢਾਈ ਮਹੀਨਿਆਂ ਤੋਂ ਪੀੜਤ ਔਰਤ ਇਨਸਾਫ਼ ਦੀ ਮੰਗ ਕਰ ਰਹੀ ਹੈ, ਪਰ ਸਰਕਾਰ ਵਲੋਂ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਪੁਲਿਸ ਪ੍ਰਸ਼ਾਸ਼ਨ ਨੇ ਪੀੜਤ ਡਾਕਟਰ ਅਤੇ ਉਸ ਲਈ ਇਨਸਾਫ਼ ਮੰਗ ਰਹੇ ਲੋਕਾਂ ਉੱਤੇ ਲਾਠੀਚਾਰਜ ਦੀ ਵੀ ਘਿਣੌਨੀ ਹਰਕਤ ਕੀਤੀ ਹੈ।
ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਿੱਖਿਆ ਨੂੰ ਭਰੋਸੇਮੰਦ ਬਣਾਉਣ ਲਈ, ਇਕ ਪਾਸੇ ਸਰਕਾਰ 'ਬੇਟੀ ਬਚਾਓ ਬੇਟੀ ਪੜਾਓ' ਦਾ ਨਾਅਰਾ ਬੁਲੰਦ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨਾਲ ਧੱਕੇਸ਼ਾਹ 'ਤੇ ਚੁੱਪੀ ਧਾਰੀ ਜਾ ਰਹੀ ਹੈ।
ਇਹ ਵੀ ਪੜੋ: ਵਿਦੇਸ਼ ਮੰਤਰੀ ਨੇ ਜਸਟਿਨ ਟਰੂਡੋ ਨਾਲ ਆਪਸੀ ਸੰਬੰਧਾਂ ਦੀ ਗੁਣਵੱਤਾ ਵਧਾਉਣ ਲਈ ਕੀਤੀ ਮੁਲਾਕਾਤ
ਕਿਸਾਨਾਂ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਵਿਚ ਪੁਲਿਸ ਗੁੰਡਾਗਰਦੀ ਜਨਤਕ ਤੌਰ 'ਤੇ ਕਰ ਰਹੀ ਹੈ ਜੇ ਪੁਲਿਸ ਪ੍ਰਸ਼ਾਸ਼ਨ ਚਾਹੁੰਦਾ ਤਾਂ ਪੀੜਤ ਡਾਕਟਰ ਨੂੰ ਇਨਸਾਫ਼ ਮਿਲ ਸਕਦਾ ਸੀ ਪਰ ਪੀੜਤ ਔਰਤ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੀੜਤ ਡਾਕਟਰ ਨੂੰ ਜਿੰਨ੍ਹਾਂ ਸਮਾਂ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ।