ਫ਼ਰੀਦਕੋਟ: ਬਹਿਬਲ ਕਲਾ ਗੋਲੀਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਨੂੰ ਲੈ ਕੇ ਅੱਜ ਫ਼ਰੀਦਕੋਟ ਅਦਾਲਤ 'ਚ ਸੁਣਵਾਈ ਹੋਈ। ਜਿਸ ਤੋਂ ਬਾਅਦ ਅਦਾਲਤ ਨੇ 15 ਸਤੰਬਰ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਦਾਲਤ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਏ।
ਦੂਜੇ ਪਾਸੇ ਬਹਿਬਲ ਗੋਲੀ ਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਰੇਸ਼ਮ ਸਿੰਘ ਨੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਦਾ ਵਿਰੋਧ ਕੀਤਾ ਹੈ। ਰੇਸ਼ਮ ਸਿੰਘ ਨੇ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਸੀ ਕਿ ਸਿੱਟ ਦੁਆਰਾ ਆਰੋਪੀ ਇੰਸਪੈਕਟਰ ਨੂੰ ਸਰਕਾਰੀ ਗਵਾਹ ਨਾ ਬਣਾਇਆ ਜਾਵੇ।
ਰੇਸ਼ਮ ਸਿੰਘ ਦੇ ਵਕੀਲ ਅਮਿਤ ਮਿੱਤਲ ਨੇ ਦੱਸਿਆ ਦੇ ਜ਼ਿਲ੍ਹਾਂ ਅਦਾਲਤ ਵਿੱਚ ਦਾਖ਼ਲ ਆਪਣੀ ਮੰਗ ਵਿੱਚ ਰੇਸ਼ਮ ਸਿੰਘ ਨੇ ਕਿਹਾ ਕਿ ਬਹਿਬਲ ਕਲਾ ਗੋਲੀਕਾਂਡ ਕੇਸ ਵਿੱਚ ਪੀੜਤ ਵਿਅਕਤੀਆਂ ਨੇ ਇਸ ਘਟਨਾ ਵਿੱਚ ਆਰੋਪੀ ਇੰਸਪੈਕਟਰ ਪ੍ਰਦੀਪ ਸਿੰਘ ਦੀ ਭੂਮਿਕਾ ਦੇ ਬਾਰੇ ਵਿੱਚ ਐਸਆਈਟੀ ਦੇ ਕੋਲ ਆਪਣਾ ਬਿਆਨ ਦਰਜ ਕਰਵਾਇਆ ਹੋਇਆ ਹੈ। ਰੇਸ਼ਮ ਸਿੰਘ ਦੇ ਅਨੁਸਾਰ ਇੰਸਪੈਕਟਰ ਪ੍ਰਦੀਪ ਸਿੰਘ ਘਟਨਾ ਦਾ ਮੁੱਖ ਆਰੋਪੀ ਹੈ।