ਫ਼ਰੀਦਕੋਟ: ਬਾਦਲ ਪਰਿਵਾਰ ਇੱਕ ਵਾਰ ਮੁੜ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਆਰਟੀਆਈ ਰਾਹੀਂ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਬਾਦਲ ਪਰਿਵਾਰ 3 ਟਿਊਬਵੈੱਲ ਕਨੈਕਸ਼ਨ 'ਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਮੰਡਲ ਵੱਲੋਂ ਜਾਰੀ ਆਰਟੀਆਈ ਤਹਿਤ ਇਕ ਸੂਚਨਾ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸੂਬੇ ਦਾ ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਟਿਊਬਵੈੱਲ ਮੋਟਰਾਂ 'ਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ ਹੈ ਤੇ ਸਰਕਾਰ ਵੱਲੋਂ ਇਸ ਪਰਿਵਾਰ ਨੂੰ 1,11, 276 ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।
ਸੂਚਨਾਂ ਮੁਤਾਬਕ ਬਾਦਲ ਪਰਿਵਾਰ ਕੋਲ ਤਿੰਨ ਮੋਟਰ ਕਨੈਕਸ਼ਨ ਹਨ ਜੋ ਕਿ ਪਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਬਾਦਲ, ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਨਾਂਅ 'ਤੇ ਚੱਲ ਰਹੇ ਹਨ। ਇਨ੍ਹਾਂ ਕਨੈਕਸ਼ਨਾਂ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ।
ਸੂਚਨਾ ਮੰਗਣ ਵਾਲੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਰਹਿਣ ਵਾਲੇ ਗੁਰਤੇਜ ਸਿੰਘ ਫ਼ੋਜੀ ਨੇ ਮਾਰਚ ਮਹੀਨੇ ਕਾਰਪੋਰੇਸ਼ਨ ਤੋਂ ਇਸ ਦਾ ਵੇਰਵਾ ਮੰਗਿਆ ਸੀ। ਗੁਰਤੇਜ ਸਿੰਘ ਫ਼ੌਜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਾਦਲ ਪਰਿਵਾਰ ਦੀ ਟਿਊਬਵੈੱਲ ਕਨੈਕਸ਼ਨ ਦੀ ਜਾਣਕਾਰੀ ਲਈ ਆਰਟੀਆਈ ਪਾਈ ਗਈ ਸੀ ਪਰ ਕੋਈ ਜਵਾਬ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਉਸ ਵੱਲੋਂ ਅਪੀਲ ਕੀਤੀ ਗਈ ਤਾਂ ਜਵਾਬ ਆਇਆ ਕਿ ਬਾਦਲ ਪਰਿਵਾਰ ਦੇ ਤਿੰਨ ਟਿਊਬਵੈੱਲ ਕਨੈਕਸ਼ਨ ਹਨ ਅਤੇ ਉਨ੍ਹਾਂ 'ਤੇ ਲਗਭਗ 11 ਲੱਖ ਦੀ ਸਬਸਿਡੀ ਦਿੱਤੀ ਗਈ ਹੈ ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ।