ਇਹ ਗੱਲਬਾਤ ਉਸ ਸਮੇਂ ਦੀ ਹੈ ਜਦੋਂ ਬੇਅਦਬੀ ਮਾਮਲੇ ਦੀ ਜਸਟਿਸ ਰਣਜੀਤ ਸਿੰਘ ਆਯੋਗ ਦੁਆਰਾ ਜਾਂਚ ਕੀਤੀ ਜਾ ਰਹੀ ਸੀ। ਇਸ ਆਡਿਓ 'ਚ ਪੁਲਿਸ ਅਧਿਕਾਰੀ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਘਟਨਾ ਦੌਰਾਨ ਲੁਧਿਆਣਾ ਤੋਂ ਆਈ ਪੁਲਿਸ ਨੇ ਫ਼ਿਲਮੀ ਸਟਾਇਲ 'ਚ ਗੋਲੀਆਂ ਚਲਾਈਆਂ ਸਨ।
ਆਡਿਓ 'ਚ ਉਹ ਪੁਲਿਸ ਅਧਿਕਾਰੀਆਂ ਦੇ ਨਾਂਅ ਲੈ ਕੇ ਕਹਿ ਰਹੇ ਹਨ ਕਿਸਨੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ। ਇੱਕ ਅਧਿਕਾਰੀ ਤਾਂ ਇੱਥੋਂ ਤੱਕ ਕਹਿ ਰਿਹਾ ਹੈ ਕਿ ਉਕਤ ਅਧਿਕਾਰੀ ਪਹਿਲਾਂ ਵਾਲੇ ਆਯੋਗ ਨੂੰ ਪੈਸੇ ਦੇ ਕੇ ਨਿੱਕਲ ਗਏ ਸਨ। ਇਸਦੇ ਨਾਲ ਹੀ ਉਹ ਇਸ ਮਾਮਲੇ ਨੂੰ ਲੈ ਕੇ ਆਈਜੀ ਪੱਧਰ ਦੇ 2 ਅਧਿਕਾਰੀਆਂ ਵਿਚਕਾਰ ਵਿਵਾਦ ਦੀ ਵੀ ਚਰਚਾ ਕਰ ਰਹੇ ਹਨ।
ਐੱਸਆਈਟੀ ਦੇ ਮੈਂਬਰ ਐੱਸਐੱਸਪੀ ਕਪੂਰਥਲਾ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੀ ਗੱਲਬਾਤ ਵਾਲੀ ਆਡਿਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ 'ਤੇ ਐੱਸਆਈਟੀ ਨੇ ਅਦਾਲਤ 'ਚ ਕਿਹਾ ਕਿ ਉਨ੍ਹਾਂ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਘਟਨਾ ਸਮੇਂ ਐੱਸਐੱਸਪੀ ਚਰਨਜੀਤ ਸਿੰਘ ਤੇ ਉਨ੍ਹਾਂ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਦੁਆਰਾ ਲੋਕਾਂ ਨਾਲ ਗ਼ਲਤ ਵਤੀਰਾ ਕੀਤੇ ਜਾਣ ਤੋਂ ਬਾਅਦ ਮਾਮਲਾ ਭੜਕਿਆ ਸੀ।