ਫਰੀਦਕੋਟ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁਤਾਬਕ ਕੋਟਕਪੂਰਾ ਵਿਧਾਨ ਸਭਾ ਹਲਕੇ ਅੰਦਰ ਕੁੱਲ ਵੋਟਰ 151953 ਹਨ। ਕੋਟਕਪੂਰਾ ਵਿਧਾਨ ਸਭਾ ਹਲਕੇ ਅੰਦਰ ਜ਼ਿਆਦਾਤਰ ਲੋਕ ਖੇਤੀਬਾੜੀ ਦੇ ਧੰਦੇ ਨਾਲ ਸਬੰਧਤ ਹਨ।
ਇਸ ਹਲਕੇ ਦੀ ਤ੍ਰਾਸਦੀ ਇਹ ਰਹੀ ਕਿ ਇਸ ਹਲਕੇ ਦੀ ਕਾਂਗਰਸ ਪਾਰਟੀ ਵੱਲੋਂ ਹਮੇਸ਼ਾਂ ਬਾਹਰੀ ਵਿਅਕਤੀਆਂ ਨੇ ਤਰਜ਼ਮਾਨੀ ਕੀਤੀ। ਹੁਣ ਤੱਕ ਹੋਈਆਂ ਚੋਣਾਂ ਮੁਤਾਬਿਕ 1972 ਤੋਂ ਹੁਣ ਤੱਕ 10 ਵਾਰ ਲਗਾਤਾਰ ਵਿਧਾਨ ਸਭਾ ਚੋਣਾਂ ਹੋਈਆਂ। ਜਿਸ ਵਿੱਚ 5 ਵਾਰ ਅਕਾਲੀ ਦਲ 1 ਵਾਰ ਆਜ਼ਾਦ 3 ਵਾਰ ਕਾਂਗਰਸ ਪਾਰਟੀ ਅਤੇ 1 ਵਾਰ ਆਮ ਆਦਮੀ ਪਾਰਟੀ (Aam Aadmi Party) ਜੇਤੂ ਰਹੀ।
ਜੇਕਰ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੀ 1972 ਤੋਂ 2017 ਤੱਕ ਪਿੰਡ ਸੰਧਵਾਂ ਦੇ ਬਰਾੜ ਪਰਿਵਾਰ ਦੇ ਹੱਥ 4 ਵਾਰ ਅਕਾਲੀ ਦਲ ਵੱਲੋਂ ਅਤੇ ਇੱਕ ਵਾਰ ਆਜ਼ਾਦ ਤੌਰ 'ਤੇ ਹਲਕੇ ਦੀ ਵਾਂਗਡੋਰ ਰਹੀ। ਜਦੋਂ ਕਿ 3 ਵਾਰ ਕਾਂਗਰਸ ਅਤੇ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ (Kultar Sandhwan) 47401 ਵੋਟਾਂ ਨਾਲ ਜੇਤੂ ਰਹੇ। ਜਦੋਂ ਕਿ ਕਾਂਗਰਸ ਦੇ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ 37326 ਵੋਟਾਂ ਨਾਲ ਦੂਜੇ ਅਤੇ ਅਕਾਲੀ ਦਲ ਦੇ ਮਨਤਾਰ ਸਿੰਘ ਬਰਾੜ 33895 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੇ।
ਹਲਕੇ ਦੀਆਂ ਸਮੱਸਿਆਵਾਂ ਜੋ ਹਾਲੇ ਤੱਕ ਹੱਲ ਨਹੀਂ ਹੋਈਆਂ :-
ਸ਼ਹਿਰ ਅੰਦਰ ਵੱਡੀ ਸਮੱਸਿਆ ਸ਼ਰੇਆਮ ਵਿਕਦੇ ਨਸ਼ੇ ਦੀ ਹੈ, ਜਿਸ ਕਾਰਨ ਕਈ ਮਾਵਾਂ ਦੇ ਪੁੱਤ ਮੌਤ ਦੇ ਆਗੋਸ਼ ਵਿੱਚ ਚਲੇ ਗਏ। ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਵੱਡੀ ਕਮੀ ਹੈ ਤੇ ਕਈ ਮੁਹੱਲਿਆਂ ਵਿੱਚ ਲੋਕ ਨਰਕ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਸੀਵਰੇਜ ਸਿਸਟਮ ਪਾਉਣ ਦੇ ਨਾਮ 'ਤੇ ਪੱਟੀਆਂ ਸੜਕਾਂ 2-3 ਸਾਲਾਂ ਤੋਂ ਜਿਉਂ ਦੀਆਂ ਤਿਉਂ ਪਈਆਂ ਹਨ, ਸ਼ਹਿਰ ਵਿੱਚੋਂ ਲੰਘਦੇ ਚੰਡੀਗੜ੍ਹ ਅਬੋਹਰ ਹਾਈਵੇ ਉੱਪਰ ਹਰ ਵਕਤ ਲੱਗੇ ਰਹਿੰਦੇ ਜਾਮ ਕਾਰਨ ਸ਼ਹਿਰ ਵਾਸੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਮੌਜੂਦਾ ਵਿਧਾਇਕ ਅਤੇ ਆਮ ਆਦਮੀਂ ਪਾਰਟੀ (Aam Aadmi Party) ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੜ ਤੋਂ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਐਲਾਨੇ ਗਏ ਕੁਲਤਾਰ ਸਿੰਘ ਸੰਧਵਾਂ (Kultar Sandhwan) ਨਾਲ ਖਾਸ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ 10 ਸਵਾਲ ਪੁੱਛੇ ਗਏ। ਜਿਸ ਦੌਰਾਨ ਉਨ੍ਹਾਂ ਨੇ ਹੇਠ ਲਿਖੇ ਸਵਾਲਾਂ ਦੇ ਜਵਾਬ ਦਿੱਤੇ।
ਸਵਾਲ: 5 ਸਾਲਾਂ ਦੌਰਾਨ ਕਿਹੜੇ ਕਿਹੜੇ ਕਾਰਜ ਹਨ ਜੋ ਤੁਸੀਂ ਹਲਕੇ ਦੇ ਕਰਵਾਏ? ਆਪਣੇ ਪਿੰਡ ਦਾ ਕੋਈ ਇਕ ਕੰਮ ਜੋ ਤੁਸੀਂ ਕਰਵਾਇਆ ਹੋਵੇ?
ਜਵਾਬ: ਪਹਿਲੇ ਸੁਆਲ ਦਾ ਜੁਆਬ ਦਿੰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਟਰਮ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਅੰਦਰ ਰਿਕਾਰਡ ਸੁਆਲ ਉਠਾਏ ਗਏ। ਉਹ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਬਾਰੇ ਹੋਣ ਜਾਂ ਇਨ੍ਹਾਂ ਮਾਮਲਿਆਂ ਦੀ ਜਾਂਚ ਪਾਰਦਰਸ਼ਤਾ ਨਾਲ ਕਰਨ ਬਾਰੇ ਹੋਣ।
ਉਨ੍ਹਾਂ ਕਿਹਾ ਕਿ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਦੀਆਂ ਵੱਡੀਆਂ ਸਮੱਸਿਆਵਾਂ ਦੇ ਮੁੱਦੇ ਉਨ੍ਹਾਂ ਪੰਜਾਬ ਦੀ ਵਿਧਾਨ ਸਭਾ ਵਿਚ ਉਠਾਏ ਅਤੇ ਇਹ ਰਿਕਾਰਡ ਹੈ ਕਿ ਅੱਜ ਤੱਕ ਕਿਸੇ ਵੀ ਐਮ.ਐਲ.ਏ ਨੇ ਉਨ੍ਹਾਂ ਜਿੰਨੇ ਸੁਆਲ ਪੰਜਾਬ ਵਿਧਾਨ ਸਭਾ ਅੰਦਰ ਨਹੀਂ ਉਠਾਏ।
ਸਵਾਲ: ਆਪਣੇ ਕਾਰਜਕਾਲ ਦੌਰਾਨ ਤੁਸੀਂ ਪੰਜਾਬ ਵਿਧਾਨ ਸਭਾ ਅੰਦਰ ਕਿਹੜੇ ਕਿਹੜੇ ਸਵਾਲ ਉਠਾਏ ਅਤੇ ਉਹਨਾਂ ਤੇ ਕੀ ਰਿਜ਼ਲਟ ਆਇਆ?
ਜਵਾਬ: ਦੂਸਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਵਿੱਚ ਸਨ ਅਤੇ ਵਿਰੋਧੀ ਧਿਰ ਦੇ ਐਮ.ਐਲ.ਏ ਨੂੰ ਸਰਕਾਰ ਇਕ ਪੈਸਾ ਵੀ ਵਿਕਾਸ ਕਾਰਜਾਂ ਲਈ ਨਹੀਂ ਦਿੰਦੀ। ਪਰ ਫਿਰ ਵੀ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਸੜਕਾਂ ਬਣਾਉਣ ਅਤੇ ਪਿੰਡ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਪੱਕੀ ਤਾਇਨਾਤੀ ਕਰਵਾਉਣ ਸਮੇਤ ਕਈ ਮਸਲੇ ਹੱਲ ਕਰਵਾਏ ਹਨ।
ਸਵਾਲ: ਤੁਸੀਂ ਸਵ ਗਿਆਨੀ ਜੈਲ ਸਿੰਘ ਦੇ ਪਰਿਵਾਰ ਨਾਲ ਸਬੰਧਿਤ ਹੋ, ਗਿਆਨੀ ਜੀ ਤੋਂ ਲੈ ਕੇ ਤੁਹਾਡੇ ਤੱਕ ਪਿੰਡ ਵਿਚ ਬੱਸ ਅੱਡਾ ਨਹੀਂ ਬਣਵਾ ਸਕੇ ਕਿਉਂ?
ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਅੱਜ ਤੱਕ ਪਿੰਡ ਵਿੱਚ ਬੱਸਾਂ ਨਾ ਰੁੱਕਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰਾ ਜ਼ੋਰ ਲਗਾ ਕੇ ਪਿੰਡ ਵਿੱਚ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ। ਪਰ ਜਦੋਂ ਅੱਡੇ 'ਤੇ ਕੋਈ ਸਵਾਰੀ ਨਾ ਖੜ੍ਹੀ ਹੋਏ, ਉਦੋਂ ਸਮੱਸਿਆ ਜ਼ਰੂਰ ਆਉਂਦੀ ਹੈ ਅਤੇ ਨਾਲ ਹੀ ਉਨ੍ਹਾਂ ਬੱਸਾਂ ਨਾ ਰੁੱਕਣ ਦਾ ਕਾਰਨ ਬੱਸ ਅੱਡੇ 'ਤੇ ਖੜ੍ਹੇ ਆਟੋ ਵਾਲਿਆਂ ਨੂੰ ਵੀ ਦੱਸਿਆ।
ਸਵਾਲ: ਜਦੋਂ ਤੁਸੀਂ ਪਿੰਡ ਦੇ ਸਰਪੰਚ ਸੀ ਉਸ ਵਕਤ ਤੁਹਾਡੇ ਉਪਰ ਗਬਨ ਦੇ ਇਲਜ਼ਾਮ ਲੱਗੇ ਸਨ ਉਹ ਕੀ ਮਾਮਲਾ ਸੀ, ਅਤੇ ਉਹਨਾਂ ਇਲਜਾਮਾਂ ਵਿਚ ਕਿੰਨੀ ਕੁ ਸਚਾਈ ਸੀ ?
ਜਵਾਬ: ਚੌਥੇ ਸਵਾਲ ਵਿੱਚ ਪਿੰਡ ਦੇ ਸਰਪੰਚ ਰਹਿੰਦੇ ਸਮੇਂ ਮ੍ਰਿਤਕਾਂ ਦੀ ਪੈਨਸ਼ਨ ਹੜੱਪਨ ਦੇ ਲੱਗੇ ਆਰੋਪਾਂ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁੱਝ ਵੀ ਗ਼ਲਤ ਨਹੀਂ ਕੀਤਾ ਸੀ। ਸਭ ਰਾਜਨੀਤਕ ਬਦਲਾਖੋਰੀ ਕਾਰਨ ਹੋਇਆ ਸੀ। ਜਿਸ ਵਿਚੋਂ ਉਹ ਬਰੀ ਹੋ ਗਏ ਸਨ।
ਸਵਾਲ: ਹੁਣ ਵੀ ਕਾਂਗਰਸੀਆਂ ਤੋਂ ਲੱਖਾਂ ਰੁਪਏ ਮਹੀਨਾ ਲੈਣ ਦੀਆਂ ਅਫਵਾਹਾਂ ਉੱਡੀਆਂ ਸਨ। ਉਹਨਾਂ ਵਿੱਚ ਕਿੰਨੀ ਕੁ ਸੱਚਾਈ ਸੀ ?
ਜਵਾਬ: ਸੱਤਾਧਾਰੀ ਪਾਰਟੀ ਦੇ ਲੋਕਾਂ ਤੋਂ ਲੱਖਾਂ ਰੁਪਏ ਮਹੀਨਾ ਲੈਣ ਦੇ ਲੱਗੇ ਆਰੋੋਪਾਂ 'ਤੇ ਬੋਲਦਿਆਂ, ਉਨ੍ਹਾਂ ਕਿਹਾ ਕਿ ਨਾ ਤਾਂ ਹਲਕੇ ਅੰਦਰ ਮਾਈਨਿੰਗ ਹੁੰਦੀ ਹੈ ਅਤੇ ਨਾ ਹੀ ਕੋਈ ਹੋਰ ਇੰਡਸਟਰੀ ਹੈ। ਮੈਨੂੰ ਕਾਂਗਰਸੀ ਕਿਸ ਆਧਾਰ 'ਤੇ ਮਹੀਨਾ ਦਿੰਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਇਹ ਸਭ ਹੁੰਦਾ ਤਾਂ ਕੀ ਉਹ ਮਹੀਨਾ ਲੈਂਦੇ ਤਾਂ ਉਨ੍ਹਾਂ ਕਿਹਾ ਕਿ ਮੈਂ ਗ਼ਲਤ ਕੰਮ ਵਿੱਚ ਕਿਸੇ ਦਾ ਵੀ ਸਾਥ ਨਹੀਂ ਦੇ ਸਕਦਾ ਉਲਟਾ ਚੱਲਦੇ ਹੋਏ ਗਲਤ ਕੰਮ ਬੰਦ ਕਰਵਾ ਕੇ ਸਾਹ ਲੈਂਦਾ।
ਸਵਾਲ: ਆਮ ਆਦਮੀਂ ਪਾਰਟੀ ਦੇ 4 MP ਇਕੱਠੇ ਨਹੀਂ ਸਨ ਰਹੇ ਬਾਅਦ ਵਿੱਚ 2 ਹਾਰ ਗਏ, 1 ਚੋਣ BJP ਵਿੱਚ ਚਲਾ ਗਿਆ, ਤੁਹਾਡੇ ਪਾਸ 1 ਹੀ ਰਹਿ ਗਿਆ। ਇਸੇ ਤਰਾਂ ਤੁਹਾਡੇ 20 MLA ਜਿੱਤੇ ਸਨ। ਪਰ ਅੱਧੇ ਛੱਡ ਕੇ ਚਲੇ ਗਏ ਕੋਈ ਕਾਂਗਰਸ ਵਿੱਚ ਚਲਾ ਗਿਆ, ਕੋਈ ਘਰ ਬੈਠ ਗਿਆ। ਇਸ ਵਾਰ ਕੀ ਗਰੰਟੀ ਹੈ ਕਿ ਜੇਕਰ ਜਿੱਤ ਮਿਲੀ ਤਾਂ ਸਾਰੇ ਇਕੱਠੇ ਰਹਿਣਗੇ ?
ਜਵਾਬ: ਅਗਲੇ ਸਵਾਲ ਵਿੱਚ ਪਾਰਟੀ ਦੇ ਲੀਡਰਾਂ ਉਹ ਚਾਹੇ ਜਿੱਤੇ ਹੋਏ ਐੱਮ.ਪੀ ਹੋਣ ਜਾਂ ਐਮ.ਐਲ.ਏ ਹੋਣ ਦੇ ਇਕੱਠੇ ਨਾ ਰਹਿਣ ਅਤੇ ਪਾਰਟੀ ਨਾਲ ਬਗ਼ਾਵਤ ਕਰਨ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਆਪੋਜਿਸ਼ਨ ਵਿੱਚ ਹੁੰਦੀ ਹੈ। ਉਦੋਂ ਬੰਦੇ ਭੱਜਦੇ ਹਨ, ਜੇਕਰ ਅਸੀਂ ਸੱਤਾ ਵਿੱਚ ਆਏ ਤਾਂ ਸਾਰੇ ਇਕੱਠੇ ਹੀ ਰਹਿਣਗੇ।
ਸਵਾਲ: ਤੁਹਾਡੇ ਉਪਰ ਕਾਂਗਰਸੀਆਂ ਨਾਲ ਮਿਲ ਕੇ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਆਪ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਦੇ ਵੀ ਇਲਜ਼ਾਮ ਲੱਗ ਰਹੇ ਨੇ ?
ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਆਪਣੀ ਹੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੂੰ ਸਿਆਸੀ ਤੌਰ 'ਤੇ ਕਮਜ਼ੋਰ ਕਰਨ ਦੇ ਆਪਣੇ ਉਪਰ ਲੱਗ ਰਹੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹਰੇਕ ਆਗੂ ਦੀ ਜ਼ਰੂਰਤ ਹੈ। ਗੁਰਦਿੱਤ ਸਿੰਘ ਸੇਖੋਂ ਮੇਰੇ ਭਰਾ ਹਨ। ਮੈਂ ਉਨ੍ਹਾਂ ਬਾਰੇ ਅਜਿਹਾ ਕਦੇ ਸੋਚ ਵੀ ਨਹੀਂ ਸਕਦਾ, ਇਹ ਪਾਰਟੀ ਨੂੰ ਢਾਹ ਲਗਾਉਣ ਲਈ ਵਿਰੋਧੀਆਂ ਵੱਲੋਂ ਚਲੀਆਂ ਜਾ ਰਹੀਆਂ ਚਾਲਾਂ ਹਨ।
ਸਵਾਲ: ਤੁਸੀ ਆਪਣੇ ਹਲਕੇ ਲਈ ਅਜਿਹਾ ਕੀ ਖਾਸ ਕੀਤਾ ਕਿ ਲੋਕ ਤੁਹਾਨੂੰ ਦੁਬਾਰਾ ਜਿਤਾ ਕੇ ਵਿਧਾਨ ਸਭਾ ਭੇਜਣ ?
ਅਗਲੇ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਮੇਰੇ ਇਲਾਕੇ ਦੇ ਲੋਕਾਂ ਨੇ ਮੈਨੂੰ ਨਿਮਾਣੇ ਜਿਹੇ ਨੂੰ ਜਿੱਤ ਦਿਵਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਸੀ ਅਤੇ ਮੈਂ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਵੀ ਇਲਾਕੇ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੂੰ ਪਤਾ ਹੈ ਕਿ ਮੈਂ ਉਨ੍ਹਾਂ ਲਈ ਕੀ ਕੀਤਾ ਇਸ ਲਈ ਉਹ ਮੇਰਾ ਸਾਥ ਜ਼ਰੂਰ ਦੇਣਗੇ।
ਸਵਾਲ: SYL ਦੇ ਮੁੱਦੇ ਤੇ ਕਿਸਦੇ ਪੱਖ ਵਿਚ ਖੜ੍ਹੇ ਹੋ?
ਜਵਾਬ: ਸਤਲੁਜ ਯਮਨਾ ਲਿੰਕ ਨਹਿਰ (ਐਸਵਾਈਐਲ) ਦੇ ਮੁੱਦੇ 'ਤੇ ਪੱਖ ਸਪੱਸ਼ਟ ਕਰਨ 'ਤੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਕੋਲ ਹੋਰ ਕਿਸੇ ਨੂੰ ਦੇਣ ਲਈ ਪਾਣੀ ਹੈ ਹੀ ਨਹੀਂ, ਤਾਂ ਹੋਰ ਕਿਸੇ ਨੂੰ ਕਿਵੇਂ ਦੇ ਸਕਦੇ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਤਾਂ ਐਸ.ਵਾਈ.ਐਲ ਦੇ ਪੱਖ ਵਿੱਚ ਹਨ ਅਤੇ ਬਿਆਨ ਵੀ ਦਿੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਨਹੀਂ ਅਰਵਿੰਦ ਕੇਜਰੀਵਾਲ ਨੇ ਕਦੀ ਵੀ ਐਸ.ਵਾਈ.ਐਲ ਦਾ ਪੱਖ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜੋ ਪਾਰਟੀ ਐਸ.ਵਾਈ.ਐਲ ਦੇ ਪੱਖ ਵਿੱਚ ਖੜੇਗੀ, ਕੁਲਤਾਰ ਸੰਧਵਾਂ ਉਸ ਪਾਰਟੀ ਦਾ ਹਿੱਸਾ ਨਹੀਂ ਹੋਣਗੇ।
ਸਵਾਲ: ਜੇਕਰ ਇਸਵਾਰ ਤੁਹਾਡੀ ਪਾਰਟੀ ਨੂੰ ਕਾਮਯਾਬੀ ਮਿਲਦੀ ਹੈ ਤਾਂ ਪਹਿਲ ਕਿਹੜੇ ਕਾਰਜਾਂ ਨੂੰ ਰਹੇਗੀ? ਸੂਬੇ ਸਿਰ ਚੜੇ ਕਰਜੇ ਨੂੰ ਉਤਾਰਨ ਲਈ ਕੀ ਕਰੋਗੇ?
ਦਸਵੇਂ ਅਤੇ ਅਖੀਰਲੇ ਸਵਾਲ ਕਿ ਜੇਕਰ ਪੰਜਾਬ ਅੰਦਰ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪਹਿਲ ਕਿਹੜੇ ਕੰਮਾਂ ਨੂੰ ਰਹੇਗੀ ਅਤੇ ਸੂਬੇ ਸਿਰ ਚੜ੍ਹੇ ਕਰਜ਼ ਨੂੰ ਕਿਵੇਂ ਉਤਾਰੋਗੇ ਤਾਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸੂਬੇ ਅੰਦਰੋਂ ਕੁਰੱਪਸ਼ਨ ਨੂੰ ਖ਼ਤਮ ਕਰ ਪਾਰਦਰਸ਼ਤਾ ਲਿਆਂਦੀ ਜਾਵੇਗੀ, ਮਾਫ਼ੀਆ ਰਾਜ ਖ਼ਤਮ ਕਰ ਸੂਬੇ ਦੇ ਖ਼ਜ਼ਾਨੇ ਦੀ ਆਮਦਨ ਵਧਾਈ ਜਾਵੇਗੀ। ਜਿਸ ਨਾਲ ਲੋਕਾਂ ਨੂੰ ਐਲਾਨੀਆਂ ਸਹੂਲਤਾਂ ਵੀ ਦਿੱਤੀਆਂ ਜਾ ਸਕਣਗੀਆਂ ਅਤੇ ਸੂਬੇ ਸਿਰ ਚੜ੍ਹੇ ਕਰਜ਼ ਨੂੰ ਵੀ ਉਤਾਰਿਆ ਜਾ ਸਕੇਗਾ।
ਇਹ ਵੀ ਪੜੋ:- ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਹੋਈ ਮੁਨਕਰ'