ਫਰੀਦਕੋਟ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਬਣਦੇ ਹੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਰੇ ਹੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਰਿਸ਼ਵਤਖੋਰੀ ਕਿਸੇ ਵੀ ਹਾਲ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਦੇ ਚੱਲਦੇ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਵੱਲੋਂ ਥਾਣਾ ਜੈਤੋ ਵਿਖੇ ਤੈਨਾਤ ਇਕ ਏਐਸਆਈ ਨੂੰ ਤਿੰਨ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਵੀਡੀਓ: ਜਾਣਕਾਰੀ ਅਨੁਸਾਰ ਇਕ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਥਾਣਾ ਜੈਤੋ ਵਿਖੇ ਤੈਨਾਤ ਏਐੱਸਆਈ ਕਾਹਨ ਸਿੰਘ ਨੂੰ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਤਿੰਨ ਹਜਾਰ ਰੁਪਏ ਦੀ ਕਥਿਤ ਰਿਸ਼ਵਤ ਲੈਣ ਬਦਲੇ ਡਾਂਟ ਰਹੇ ਹਨ।
ਵਿਧਾਇਕ ਦੀ ਅਧਿਕਾਰੀਆਂ ਨੂੰ ਚਿਤਾਵਨੀ: ਇਸ ਸਬੰਧੀ ਗੱਲਬਾਤ ਕਰਦਿਆਂ ਐਮਐਲਏ ਅਮੋਲਕ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਜੈਤੋ ਦੇ ਥਾਣੇ ਵਿੱਚ ਜਾ ਕੇ ਪੁਲਿਸ ਮੁਲਾਜ਼ਮਾਂ ਨੂੰ ਇਹ ਕਿਹਾ ਸੀ ਕਿ ਇਸ ਤੋਂ ਪਹਿਲਾਂ ਜੋ ਵੀ ਹੋਇਆ ਉਸ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ, ਪਰ ਅੱਗੇ ਤੋਂ ਕੋਈ ਵੀ ਰਿਸ਼ਵਤ ਨਾ ਲਵੇ ਜੇਕਰ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ।
'ਮਾਮਲਾ ਨਾ ਦਰਜ ਕਰਨ ’ਤੇ ਮੰਗੀ ਰਿਸ਼ਵਤ': ਏਐਸਆਈ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇੱਕ ਗੁਰਜੰਟ ਸਿੰਘ ਨਾਂ ਦਾ ਵਿਅਕਤੀ ਆਇਆ ਜਿਸ ਦੇ ਖਿਲਾਫ ਥਾਣਾ ਜੈਤੋ ਵਿਚ ਕੇਸ ਦਰਜ ਹੋਇਆ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਇਕ ਥਾਣੇਦਾਰ ਵੱਲੋਂ ਕੇਸ ਦਰਜ ਨਾ ਕਰਨ ਬਦਲੇ ਉਸ ਵਿਅਕਤੀ ਤੋਂ ਪੈਸੇ ਲਏ ਗਏ ਸੀ ਪਰ ਬਾਅਦ ਵਿੱਚ ਕੇਸ ਵੀ ਦਰਜ ਕਰ ਦਿੱਤਾ ਗਿਆ ਸੀ ਤੇ ਹੁਣ ਜ਼ਮਾਨਤ ਬਦਲੇ ਉਸ ਤੋਂ ਪੈਸੇ ਮੰਗ ਰਿਹਾ ਸੀ ਜਿਸ ਕਾਰਨ ਉਹ ਵਿਅਕਤੀ ਉਨ੍ਹਾਂ ਕੋਲ ਆਇਆ।
ਐਕਸ਼ਨ ’ਚ ਵਿਧਾਇਕ: ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਥਾਣੇਦਾਰ ਨੂੰ ਤਿੰਨ ਹਜ਼ਾਰ ਰੁਪਏ ਦਿੱਤੇ ਜਿਸ ਦੇ ਨੰਬਰ ਉਨ੍ਹਾਂ ਪਹਿਲਾਂ ਹੀ ਨੋਟ ਕਰ ਲਏ ਸੀ ਅਤੇ ਜਦ ਉਨ੍ਹਾਂ ਥਾਣੇ ਵਿੱਚ ਜਾ ਕੇ ਥਾਣੇਦਾਰ ਤੋਂ ਪੈਸੇ ਲੈਣ ਬਾਰੇ ਗੱਲ ਕਹੀ ਤਾਂ ਥਾਣੇਦਾਰ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਦੇ ਦਿੱਤੇ ਜਿਨ੍ਹਾਂ ਦਾ ਮਿਲਾਨ ਕਰਨ ’ਤੇ ਉਹੀ ਨੋਟ ਪਾਏ ਗਏ ਜੋ ਰਿਸ਼ਵਤ ਵਜੋਂ ਵਿਅਕਤੀ ਨੇ ਥਾਣੇਦਾਰ ਨੂੰ ਦਿੱਤੇ ਸੀ।
ਜ਼ਿਲਾ ਪੁਲਿਸ ਮੁਖੀ ਨੂੰ ਭੇਜੀ ਲਿਖਤੀ ਸ਼ਿਕਾਇਤ: ਉਨ੍ਹਾਂ ਕਿਹਾ ਕਿ ਇਸ ਥਾਣੇਦਾਰ ਖਿਲਾਫ ਕਾਰਵਾਈ ਦੇ ਲਈ ਉਨ੍ਹਾਂ ਵੱਲੋਂ ਜ਼ਿਲਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਗਈ ਹੈ। ਉਨ੍ਹਾਂ ਆਪਣੇ ਹਲਕੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਲੋਕਾਂ ਤੋਂ ਰਿਸ਼ਵਤ ਨਾ ਲਵੇ ਨਹੀਂ ਤਾਂ ਉਨ੍ਹਾਂ ਦੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਇਹ ਵੀ ਪੜੋ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ: ਪਾਕਿਸਤਾਨ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ