ਫ਼ਰੀਦਕੋਟ: ਇੱਥੋ ਦੇ ਗੋਦੜੀ ਸਾਹਿਬ ਇਲਾਕੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅਚਾਰ ਫੈਕਟਰੀ ਦਾ ਵੱਡਾ ਘਪਲਾ ਕੀਤੇ ਜਾਣ ਦਾ ਪਰਦਾਫ਼ਾਸ਼ ਹੋਇਆ ਹੈ। ਪਿੰਡ ਦੇ ਲੋਕਾਂ ਨੇ ਉਸ ਸਮੇਂ ਫੈਕਟਰੀ ਦੇ ਕਾਲੇ ਕਾਰਨਾਮੇ ਨੂੰ ਜੱਗ ਜਾਹਰ ਕਰ ਦਿੱਤਾ, ਜਦੋਂ ਫੈਕਟਰੀ ਵਿੱਚ ਬਣਨ ਵਾਲੇ ਵੱਖ ਵੱਖ ਖਾਦ ਪਦਾਰਥਾਂ (Allegations on Pickle manufacturing factory in Faridkot) ਵਿੱਚ ਕਥਿਤ ਵਰਤਿਆ ਜਾਣ ਵਾਲਾ ਗੰਨੇ ਦਾ ਸੀਰਾ ਘਰਾਂ ਦੇ ਟਾਇਲਟਾਂ ਦੇ ਫੱਲਸ਼ ਟੈਂਕ ਸਾਫ ਕਰਨ ਵਾਲੇ ਟੈਂਕਰ ਰਾਹੀਂ ਫੈਕਟਰੀ ਵਿੱਚ ਸਟੋਰ ਕੀਤਾ ਜਾ ਰਿਹਾ ਸੀ। ਮੌਕੇ ਉੱਤੇ ਇਕੱਠੇ ਹੋਏ ਪਿੰਡ ਵਾਸੀਆਂ ਅਤੇ ਸਰਪੰਚ ਨੇ ਟੈਂਕਰ ਨੂੰ ਕਾਬੂ ਕਰ ਮੌਕੇ ਉੱਤੇ ਹੀ ਮੀਡੀਆ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ।
ਮੌਕੇ ਉੱਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ, ਜਿੱਥੇ ਫੈਕਟਰੀ ਅੰਦਰ ਪਏ ਖਾਦ ਪਦਾਰਥਾਂ ਦੇ ਸੈਂਪਲ ਭਰੇ, ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਇਸ ਪੂਰੇ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਣ ਦੀ ਗੱਲ ਆਖੀ ਗਈ।
ਕੀ ਹੈ ਪੂਰਾ ਮਾਮਲਾ ?: ਫ਼ਰੀਦਕੋਟ ਦੇ ਕੋਟਕਪੂਰਾ ਰੋਡ ਉੱਤੇ ਗੋਦੜੀ ਸਾਹਿਬ ਕਲੌਨੀ ਦੀ ਪੰਚਾਇਤ ਦੇ ਏਰੀਏ ਇਕ ਨਿੱਜੀ ਅਚਾਰ ਫੈਕਟਰੀ ਲੱਗੀ ਹੋਈ ਹੈ ਜਿਸ ਵਿੱਚ ਅਚਾਰ ਅਤੇ ਹੋਰ ਕਈ ਤਰ੍ਹਾਂ ਦੇ ਖਾਦ ਪਦਾਰਥ ਬਣਾਏ ਜਾਂਦੇ ਹਨ। ਇਨ੍ਹਾਂ ਵਿੱਚ ਟਮੈਟੋ ਸੌਸ, ਨਿਊਡਲ ਅਤੇ ਸੌਸ ਆਦਿ ਤਿਆਰ ਕਰ ਕੇ ਮਾਰਕੀਟ ਵਿੱਚ ਵੇਚੇ ਜਾਂਦੇ ਹਨ। ਉਸ ਫੈਕਟਰੀ ਵਿਚ ਉਸ ਵਕਤ ਰੌਲਾ ਪੈ ਗਿਆ, ਜਦੋਂ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਬੰਦਿਆ ਨੇ ਫੈਕਟਰੀ ਦੇ ਗਲੀ ਵਾਲੇ ਗੇਟ ਉੱਤੇ ਇਕ ਫਲੱਸ਼ (using tanker of cleaning toilets for storing raw material) ਸਾਫ ਕਰਨ ਵਾਲੇ ਟੈਂਕਰ ਨੂੰ ਖੜ੍ਹੇ ਹੋਏ ਵੇਖਿਆ।
ਪਿੰਡ ਵਾਸੀਆਂ ਨੇ ਕੀਤੀ ਕਾਰਵਾਈ ਦੀ ਮੰਗ: ਪਿੰਡ ਵਾਸੀਆਂ ਅਤੇ ਸਰਪੰਚ ਦੇ ਮੁਤਾਬਿਕ ਫੈਕਟਰੀ ਮਾਲਕਾਂ ਵੱਲੋਂ ਇਸ ਫਲੱਸ਼ ਸਾਫ ਕਰਨ ਵਾਲੇ ਟੈਂਕਰ ਰਾਹੀਂ ਗੰਨੇ ਦਾ ਸੀਰਾ ਫੈਕਟਰੀ ਵਿਚ ਸਟੋਰ ਕੀਤਾ ਜਾ ਰਿਹਾ ਸੀ। ਪਿੰਡ ਵਾਸੀਆ ਨੂੰ ਜਿਵੇਂ ਹੀ ਇਹ ਪਤਾ ਲੱਗਿਆ ਤਾਂ ਉਨ੍ਹਾਂ ਰੌਲਾ ਪਾਇਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਕੰਵਲਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਅਚਾਰ ਦੀ ਫੈਕਟਰੀ ਹੈ ਅਤੇ ਕਈ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕਾਂ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਬਹੁਤ ਘਟੀਆ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਟੈਂਕਰ ਨਾਲ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਬਣੇ ਟਾਇਲਟ ਫਲੱਸ਼ ਟੈਂਕ ਸਾਫ ਕੀਤੇ ਜਾਂਦੇ ਹਨ, ਫੈਕਟਰੀ ਮਾਲਕਾਂ ਵੱਲੋਂ ਉੇਸ ਟੈਂਕਰ ਰਾਹੀਂ ਗੰਨੇ ਦਾ ਸੀਰਾ ਸਪਲਾਈ ਕੀਤਾ ਜਾ ਰਿਹਾ ਸੀ।
ਇਹ ਸੀਰਾ ਫੈਕਟਰੀ ਵਿੱਚ ਬਣਨ ਵਾਲੇ ਵੱਖ ਵੱਖ ਖਾਦ ਪਦਾਰਥਾਂ ਵਿਚ ਪਾਇਆ ਜਾਂਦਾ ਹੈ, ਜੋ ਲੋਕਾਂ ਦੀ ਸਿਹਤ ਨਾਲ ਸਿੱਧਾ ਧੱਕਾ ਹੈ। ਗੰਦਗੀ ਸਾਫ ਕਰਨ ਵਾਲੇ ਟੈਂਕਰ ਰਾਹੀ ਖਾਣ ਪੀਣ ਦਾ ਸਮਾਨ ਬਣਾਉਣ ਲਈ ਕੱਚਾ ਮਾਲ ਢੋਇਆ ਜਾ ਰਿਹਾ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਫੈਕਟਰੀ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਮੌਕੇ 'ਤੇ ਅਧਿਕਾਰੀ ਮੌਜੂਦ: ਇਸ ਮੌਕੇ ਘਟਨਾ ਦਾ ਜਾਇਜ਼ਾ ਲੈਣ ਮੌਕੇ ਉੱਤੇ ਪਹੁੰਚੇ ਨਾਇਬ ਤਹਿਸੀਲਦਾਰ ਫ਼ਰੀਦਕੋਟ ਨੇ ਦੱਸਿਆ ਕਿ ਅਚਾਰ ਫੈਕਟਰੀ ਮਾਲਕਾਂ ਵੱਲੋਂ ਫਲੱਸ਼ ਟੈਂਕ ਸਾਫ ਕਰਨ ਵਾਲੇ ਕੈਂਟਰ ਰਾਹੀਂ ਫੈਕਟਰੀ ਵਿਚ ਵਰਤਿਆ ਜਾਣ ਵਾਲਾ ਗੰਨੇ ਦਾ ਸੀਰਾ ਸਟੋਰ ਕੀਤਾ ਜਾ ਰਿਹਾ ਸੀ ਜਿਸ ਕਾਰਨ ਪਿੰਡ ਦੇ ਲੋਕ ਭੜਕ ਗਏ। ਉਨ੍ਹਾਂ ਕਿਹਾ ਕਿ ਅਸੀਂ ਮੌਕੇ ਉੱਤੇ ਪਹੁੰਚੇ ਹਾਂ ਅਤੇ ਸਾਰੇ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆ ਨੂੰ ਭੇਜ ਦਿੱਤੀ ਜਾਵੇਗੀ। ਇਸ ਮਾਮਲੇ ਸਬੰਧੀ ਮੌਕੇ ਉੱਤੇ ਪਹੁੰਚੇ ਫੂਡ ਸੇਫਟੀ ਵਿਭਾਗ ਵੱਲੋਂ ਫੈਕਟਰੀ ਅੰਦਰ ਜਾ ਕੇ ਚੈਕਿੰਗ ਕੀਤੀ ਗਈ ਅਤੇ ਕਈ ਪ੍ਰੋਡਕਟਾਂ ਦੇ ਸੈਂਪਲ ਵੀ ਭਰੇ ਗਏ।
ਫੈਕਟਰੀ ਮਾਲਕ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਿਆ: ਇਸ ਮੌਕੇ ਜਦ ਫੈਕਟਰੀ ਮਾਲਕ ਪ੍ਰੇਮ ਗੇਰਾ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਰੰਜਿਸ਼ ਦੇ ਚੱਲਦੇ ਐਂਵੇ ਰੌਲਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਸੀਰਾ ਟੈਂਕਰ ਰਾਹੀਂ ਲਿਆਂਦਾ ਗਿਆ ਹੈ, ਉਸ ਟੈਂਕਰ ਨੂੰ (Allegations on Pickle manufacturing factory in Faridkot) ਪਹਿਲਾਂ ਸਾਫ ਕਰਵਾਇਆ ਗਿਆ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸੀਰਾ ਕਿਸੇ ਸਮਾਨ ਵਿਚ ਪਾਉਣ ਲਈ ਨਹੀਂ ਲਿਆਂਦਾ, ਸਗੋਂ ਫੈਕਟਰੀ ਅੰਦਰ ਅੱਗ ਬਾਲਣ ਲਈ ਲੱਕੜਾ ਨੂੰ ਜਲਾਉਣ ਲਈ ਵਰਤਣ ਵਾਸਤੇ ਲਿਆਂਦਾ ਗਿਆ।
ਇਹ ਵੀ ਪੜ੍ਹੋ: ਇਸ ਪਿੰਡ ਦੇ ਸਰਪੰਚ ਤੋਂ ਖੁਸ਼ ਹੋ ਕੇ ਬੋਲੇ ਲੋਕ, ਕਿਹਾ- "ਇਹ ਹੁੰਦੀ ਆ ਸਰਪੰਚੀ"