ਫਰੀਦਕੋਟ: ਫਰੀਦਕੋਟ ਜਿਲ੍ਹੇ ਦੇ ਪਿੰਡ ਚਹਿਲ ਤੇ ਪਿੰਡ ਸਿੱਖਾਂਵਾਲਾ ਦੀ ਸਾਂਝੀ ਬਹੁਮੰਤਵੀ ਸਹਿਕਾਰੀ ਸਭਾ ਪਿੰਡ ਚਹਿਲ ਵਿਚ ਪੁਟਾਸ ਅਤੇ ਜਿਪਸਮ ਖਾਦ ਦੀ ਭਰੋਸੇਯੋਗਤਾ ਉੱਤੇ ਸਵਾਲ ਉਠਾਉਂਦਿਆਂ ਪਿੰਡ ਦੇ ਕਿਸਾਨਾਂ ਵੱਲੋਂ ਇਹਨਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਖੇਤੀਬਾੜੀ ਵਿਭਾਗ ਫਰੀਦਕੋਟ ਤੇ ਖੇਤੀਬਾੜੀ ਮੰਤਰੀ ਪੰਜਾਬ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ਉੱਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਅੱਜ ਸ਼ਨੀਵਾਰ ਨੂੰ ਪਿੰਡ ਚਹਿਲ ਦੀ ਸਹਿਕਾਰੀ ਸਭਾ ਵਿਖੇ ਪਹੁੰਚ ਕੇ ਜਾਂਚ ਕੀਤੀ ਗਈ ਤੇ ਪੋਟਾਸ਼ ਅਤੇ ਜਿਪਸਮ ਦੇ ਸੈਂਪਲ ਭਰੇ ਗਏ।
ਸ਼ਿਕਾਇਤਕਰਤਾ ਕਿਸਾਨ ਨੇ ਦੱਸਿਆ ਰੇਡ ਦਾ ਕਾਰਨ:- ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾ ਕਿਸਾਨ ਧਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦੋ ਪਿੰਡਾਂ ਦੀ ਸਾਂਝੀ ਬਹੁਮੰਤਵੀ ਸਹਿਕਾਰੀ ਸਭਾ ਵਿਚ ਕਿਸਾਨਾਂ ਨੂੰ ਡੀਏਪੀ ਅਤੇ ਯੂਰੀਆ ਦੇ ਨਾਲ ਪੋਟਾਸ਼ ਅਤੇ ਜਿਪਸਮ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੋ ਜਿਪਸਮ ਅਤੇ ਪਟਾਸ਼ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਉਸ ਦੀ ਕਵਾਲਟੀ ਅਤੇ ਭਰੋਸੇਯੋਗਤਾ ਨੂੰ ਲੈ ਕੇ ਕਿਸਾਨਾਂ ਨੂੰ ਸ਼ੰਕਾ ਹੈ ਕਿਉਕਿ ਕੁਝ ਕਿਸਾਨਾਂ ਨੇ ਜਿਪਸਮ ਅਤੇ ਪੋਟਾਸ਼ ਦੀ ਵਰਤੋਂ ਕੀਤੀ ਸੀ ਪਰ ਉਸ ਦਾ ਰਿਜਲਟ ਵਧੀਆ ਨਹੀਂ ਆਇਆ।
ਖੇਤੀਬਾੜੀ ਵਿਭਾਗ ਨੂੰ ਲਿਖਤ ਸ਼ਿਕਾਇਤ:- ਕਿਸਾਨ ਧਨਜੀਤ ਸਿੰਘ ਨੇ ਦੱਸਿਆ ਕਿ ਇਸੇ ਨੂੰ ਲੈ ਕੇ ਉਹਨਾਂ ਵੱਲੋਂ ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਅਤੇ ਖੇਤੀਬਾੜੀ ਵਿਭਾਗ ਫਰੀਦਕੋਟ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਸੀ ਜਿਸ ਤਹਿਤ ਅੱਜ ਮਹਿਕੇ ਵੱਲੋਂ ਚੈਕਿੰਗ ਕੀਤੀ ਗਈ ਅਤੇ ਪੋਟਾਸ਼ ਅਤੇ ਜਿਪਸਮ ਦੇ ਸੈਂਪਲ ਭਰੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਕਿਸਾਨਾਂ ਨੂੰ ਇਨਸਾਫ ਮਿਲੇਗਾ ਅਤੇ ਮਹਿਕਮੇਂ ਦੇ ਕਥਿਤ ਉੱਚ ਅਧਿਕਾਰੀਆ ਨਾਲ ਮਿਲ ਕੇ ਜੋ ਗੋਰਖ ਧੰਦਾ ਕੀਤਾ ਜਾ ਰਿਹਾ ਉਸ ਦਾ ਸੱਚ ਸਾਹਮਣੇ ਆਵੇਗਾ।
ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ:- ਇਸ ਪੂਰੇ ਮਾਮਲੇ ਬਾਰੇ ਜਦ ਚੀਫ ਖੇਤੀਬਾੜੀ ਅਫਸਰ ਫਰੀਦਕੋਟ ਡਾ ਕਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਚਹਿਲ ਵਿਖੇ ਸਹਿਕਾਰੀ ਬਹੁਮੰਤਵੀ ਸਭਾ ਵਿੱਚ ਜੋ ਪੋਟਾਸ਼ ਤੇ ਜਿਪਸਮ ਵੇਚੀ ਜਾ ਰਹੀ ਹੈ, ਉਸ ਦੀ ਕੁਆਲਟੀ ਸਹੀ ਨਹੀਂ ਹੈ। ਉਹਨਾਂ ਦੱਸਿਆ ਕਿ ਇਸ ਨੂੰ ਲੈ ਕੇ ਅੱਜ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਅਤੇ ਪੋਟਾਸ਼ ਅਤੇ ਜਿਪਸਮ ਦੇ ਸੈਂਪਲ ਵੀ ਲਏ ਗਏ ਹਨ। ਉਹਨਾਂ ਕਿਹਾ ਕਿ ਜੇਕਰ ਕੁਆਲਟੀ ਲੈਵਲ ਤੇ ਜਾਂ ਕਿਸੇ ਹੋਰ ਪੱਧਰ ਉੱਤੇ ਕੋਈ ਊਣਤਾਈ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।